
ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਤੋਂ 1300 ਕਿਲੋਗ੍ਰਾਮ ਤੋਂ ਵੱਧ ਗੈਰ-ਕਾਨੂੰਨੀ ਪਟਾਕੇ ਜ਼ਬਤ ਕਰਦੇ ਹੋਏ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਮਨੋਜ ਕੁਮਾਰ, ਸੰਜੇ ਅੱਤਰੀ ਅਤੇ ਵਿਪਨ ਕੁਮਾਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਪਾਬੰਦੀਸ਼ੁਦਾ ਪਟਾਕੇ ਵੇਚਣ ਦਾ ਧੰਦਾ ਕਰਦਾ ਸੀ ਅਤੇ ਅੱਤਰੀ ਪਟਾਕਿਆਂ ਦੀ ਸਪਲਾਈ ਕਰਦਾ ਸੀ। ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਸਤੀਸ਼ ਕੁਮਾਰ ਨੇ ਕਿਹਾ ਕਿ ਦੋ ਗੋਦਾਮਾਂ ਤੋਂ ਕੁੱਲ 1,323 ਕਿਲੋਗ੍ਰਾਮ ਪਾਬੰਦੀਸ਼ੁਦਾ ਪਟਾਕੇ ਜ਼ਬਤ ਕੀਤੇ ਗਏ ਹਨ। ਦੋਵੇਂ ਗੋਦਾਮਾਂ ਦੇ ਮਾਲਕ ਅਤੇ ਪਟਾਕਿਆਂ ਦੀ ਸਪਲਾਈ ਕਰਨ ਵਾਲੇ ਡਰਾਈਵਰ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਸ਼ੁੱਕਰਵਾਰ ਨੂੰ ਬਾਹਰੀ ਦਿੱਲੀ ਦੇ ਪਿੰਡ ਬਪਰੋਲਾ ‘ਚ ਛਾਪਾ ਮਾਰ ਕੇ ਨਾਜਾਇਜ਼ ਪਟਾਕੇ ਜ਼ਬਤ ਕੀਤੇ। ਪੁਲਸ ਅਨੁਸਾਰ ਪਹਿਲਾਂ ਮਨੋਜ ਕੁਮਾਰ ਅਤੇ ਡਰਾਈਵਰ ਸੰਜੇ ਅੱਤਰੀ ਨੂੰ ਫੜਿਆ ਗਿਆ।