
ਕੇਵਾਈਸੀ ਅਪਡੇਟ ਧੋਖਾਧੜੀ ਦਾ ਸ਼ਿਕਾਰ ਹੋ ਕੇ 44 ਸਾਲਾ ਵਿਅਕਤੀ ਨੇ ਇਕ ਦਿਨ ‘ਚ 76 ਲੱਖ ਰੁਪਏ ਗੁਆ ਦਿੱਤੇ। ਪੁਲਸ ਸ਼ਿਕਾਇਤ ਦਰਮਿਆਨ ਡੋਂਬੀਵਾਲੀ ਨਿਵਾਸੀ ਨੇ ਦੱਸਿਆ ਕਿ ਉਸਨੂੰ ਦੋ ਹਫ਼ਤੇ ਪਹਿਲਾਂ ਇੱਕ ਅਣਜਾਣ ਨੰਬਰ ਤੋਂ ਇੱਕ ਵਟਸਐਪ ਸੁਨੇਹਾ ਮਿਲਿਆ ਸੀ। ਭੇਜਣ ਵਾਲੇ ਨੇ ਉਸ ਨੂੰ ਆਪਣਾ ਬੈਂਕ ਖਾਤਾ ਬਲਾਕ ਹੋਣ ਤੋਂ ਬਚਣ ਲਈ ਆਪਣਾ ਪੈਨ ਕਾਰਡ ਅਪਡੇਟ ਕਰਨ ਲਈ ਕਿਹਾ।
ਬਾਅਦ ਵਿੱਚ, ਸ਼ਿਕਾਇਤਕਰਤਾ ਨੂੰ ਧੋਖਾਧੜੀ ਕਰਨ ਵਾਲੇ ਦਾ ਇੱਕ ਕਾਲ ਆਇਆ ਅਤੇ ਉਸਨੇ ਨੇ ਆਪਣੇ ਆਪ ਨੂੰ ਇੱਕ ਬੈਂਕ ਅਧਿਕਾਰੀ ਵਜੋਂ ਪੇਸ਼ ਕੀਤਾ। ਇਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਵਿਅਕਤੀ ਨੂੰ ਕੇਵਾਈਸੀ ਅਪਡੇਟ ਕਰਨ ਲਈ ਇੱਕ ਐਪ ਇੰਸਟਾਲ ਕਰਨ ਲਈ ਲਿੰਕ ਭੇਜ ਦਿੱਤਾ। ਇਸ ਲਿੰਕ ਵਾਲੇ ਐਪ ਨੂੰ ਡਾਊਨਲੋਡ ਕਰ ਲਿਆ। ਧਿਆਨ ਦੇਣ ਵਾਲੀ ਗੱਲ ਕਿ ਅਣਜਾਣ ਨੰਬਰ ਤੋਂ ਆਉਣ ਵਾਲੇ ਲਿੰਕ ਧੋਖਾਧੜੀ ਕਰਨ ਵਾਲਿਆਂ ਨੂੰ ਯੂਜ਼ਰ ਦੇ ਫੋਨ ਤੱਕ ਰਿਮੋਟ ਐਕਸੈਸ ਕਰਨ ਦੀ ਸਹੂਲਤ ਦਿੰਦਾ ਹੈ। ਇਸ ਤੋਂ ਤੁਰੰਤ ਬਾਅਦ 30 ਟ੍ਰਾਂਜੈਕਸ਼ਨਾਂ ‘ਚ 76 ਲੱਖ ਰੁਪਏ ਡੈਬਿਟ ਹੋ ਗਏ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਧੋਖੇਬਾਜ਼ਾਂ ਦੁਆਰਾ ਵਰਤੇ ਗਏ ਸੰਪਰਕ ਨੰਬਰ ਅਤੇ ਧੋਖਾਧੜੀ ਦੇ ਲੈਣ-ਦੇਣ ਦੇ ਵੇਰਵੇ ਮੁਹੱਈਆ ਕਰਵਾਏ ਸਨ। ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 ਸੀ , 66 ਡੀ (ਕੰਪਿਊਟਰ ਸਰੋਤ ਦੀ ਵਰਤੋਂ ਕਰਕੇ ਧੋਖਾਧੜੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।