
ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਹੋਏ ਭਾਰੀ ਮੀਂਹ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਜਿਸ ‘ਚ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸ਼ਿਮਲਾ ਦੇ ਕੁੱਲੂ, ਮੰਡੀ ਅਤੇ ਰਾਮਪੁਰ ਵਿੱਚ ਬੱਦਲ ਫਟ ਗਏ। ਰਾਮਪੁਰ ਦੇ ਸਮੇਜ ਖੱਡ ਵਿੱਚ ਬੱਦਲ ਫਟਣ ਨਾਲ ਸਮੇਜ ਪਿੰਡ ਦੇ ਕਈ ਘਰ ਵਹਿ ਗਏ। ਜਿਸ ਕਾਰਨ 36 ਲੋਕ ਲਾਪਤਾ ਹੋ ਗਏ ਹਨ। ਇੱਥੇ ਇੱਕ ਸਕੂਲ, ਇੱਕ ਗੈਸਟ ਹਾਊਸ ਅਤੇ ਇੱਕ ਪਾਵਰ ਪ੍ਰੋਜੈਕਟ ਦਾ ਪਾਵਰ ਹਾਊਸ ਵੀ ਰੁੜ੍ਹ ਗਿਆ ਹੈ।
ਮੰਡੀ ਦੇ ਚੌਰਘਾਟੀ ਵਿੱਚ ਢਿੱਗਾਂ ਡਿੱਗਣ ਕਾਰਨ ਤਿੰਨ ਘਰ ਢਹਿ ਗਏ। ਇਸ ਵਿੱਚ 3 ਪਰਿਵਾਰਾਂ ਦੇ 11 ਲੋਕ ਲਾਪਤਾ ਹੋ ਗਏ। 2 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ 8 ਅਜੇ ਵੀ ਲਾਪਤਾ ਹਨ। ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੱਥੇ ਫਾਇਰ ਬ੍ਰਿਗੇਡ ਅਤੇ ਐਸਡੀਆਰਐਫ ਦੀ ਟੀਮ ਬਚਾਅ ਵਿੱਚ ਲੱਗੀ ਹੋਈ ਹੈ।
ਮੰਡੀ ਦੇ ਡੀਸੀ ਅਪੂਰਵਾ ਦੇਵਗਨ ਨੇ ਕਾਰਸੋਗ ਅਤੇ ਪਧਰ ਸਬ-ਡਿਵੀਜ਼ਨਾਂ ਵਿੱਚ ਸਾਰੇ ਸਰਕਾਰੀ, ਪ੍ਰਾਈਵੇਟ ਸਕੂਲਾਂ, ਆਂਗਣਵਾੜੀ ਕੇਂਦਰਾਂ, ਵੋਕੇਸ਼ਨਲ ਟਰੇਨਿੰਗ ਸੈਂਟਰ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਕੁੱਲੂ ‘ਚ ਭਾਰੀ ਮੀਂਹ ਤੋਂ ਬਾਅਦ ਬਾਗੀਪੁਲ ‘ਚ 6 ਲੋਕ ਲਾਪਤਾ ਹਨ। ਮਨਾਲੀ ‘ਚ ਬਿਆਸ ਦਰਿਆ ਦਾ ਪਾਣੀ ਵਧਣ ਤੋਂ ਬਾਅਦ ਆਲੂਆਂ ਦੇ ਖੇਤਾਂ ‘ਚ ਪਾਣੀ ਭਰ ਗਿਆ। ਇਸ ਨਾਲ ਸਬਜ਼ੀ ਮੰਡੀ ਦੀ 5 ਮੰਜ਼ਿਲਾ ਇਮਾਰਤ ਤਾਸ਼ ਦੇ ਘਰ ਵਾਂਗ ਢਹਿ ਗਈ।