
ਹਿਮਾਚਲ ਪ੍ਰਦੇਸ਼ ‘ਚ ਅਪ੍ਰੈਲ ਮਹੀਨੇ ‘ਚ ਪੈ ਰਹੀ ਬਰਫ਼ ਸੈਰ-ਸਪਾਟਾ ਕਾਰੋਬਾਰ ਲਈ ਫਾਇਦੇਮੰਦ ਮੰਨੀ ਜਾ ਰਹੀ ਹੈ ਪਰ ਬਰਫ਼ਬਾਰੀ ਦਾ ਦੀਦਾਰ ਕਰਨ ਆ ਰਹੇ ਸੈਲਾਨੀਆਂ ਲਈ ਬਰਫ਼ ਹੀ ਆਫ਼ਤ ਬਣ ਗਈ ਹੈ। ਦਰਅਸਲ ਭਾਰੀ ਬਰਫ਼ਬਾਰੀ ਹੋਣ ਕਾਰਨ ਸੜਕਾਂ ‘ਤੇ ਬਰਫ਼ ਦੀ ਮੋਟੀ ਪਰਤ ਜੰਮ ਗਈ ਅਤੇ ਫਿਸਲਣ ਵੱਧ ਗਈ ਹੈ। ਇਸ ਕਾਰਨ ਟਨਲ ਵਿਚ ਸੈਂਕੜੇ ਵਾਹਨ ਫਸ ਗਏ। ਫਸੇ ਹੋਏ ਵਾਹਨਾਂ ਨੂੰ ਕੱਢਣ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਅਤੇ ਸਥਾਨਕ ਪੁਲਸ ਦੀਆਂ ਟੀਮਾਂ ਨੇ ਬਰਫ਼ਬਾਰੀ ਕਾਰਨ ਅਟਲ ਟਨਲ ਦੇ ਉੱਤਰੀ ਪੋਰਟਲ ਨੇੜੇ ਫਸੇ 1000 ਤੋਂ ਵੱਧ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਕੱਢਿਆ।
ਸੁਰੰਗ ਵਿਚ ਫਸੇ ਵਾਹਨਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ 10 ਘੰਟਿਆਂ ਦਾ ਸਮਾਂ ਲੱਗਾ। ਮਨਾਲੀ ਪ੍ਰਸ਼ਾਸਨ ਅਤੇ ਮਨਾਲੀ ਪੁਲਸ ਦੀ ਸਖ਼ਤ ਮੁਸ਼ੱਕਤ ਮਗਰੋਂ ਵਾਹਨਾਂ ਨੂੰ ਸੁਰੱਖਿਅਤ ਮਨਾਲੀ ਭੇਜਿਆ ਗਿਆ ਹੈ। ਸਪਿਤੀ ਦੇ ਪੰਗਮੋ ਪਿੰਡ ‘ਚ ਫਸੇ 8 ਸੈਲਾਨੀਆਂ ਨੂੰ ਵੀ ਲਾਹੌਲ-ਸਪੀਤੀ ਦੀ ਪੁਲਸ ਦੀ ਟੀਮ ਨੇ ਬਚਾਇਆ। ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਆਏ ਸੈਲਾਨੀਆਂ ਨੂੰ ਵਾਪਸ ਸਪੀਤੀ ਲਿਜਾਇਆ ਗਿਆ।ਇਸ ਦੇ ਚੱਲਦੇ 1200 ਵਾਹਨਾਂ ਵਿਚ ਕਰੀਬ 800 ਸੈਲਾਨੀ ਅਟਲ ਟਨਲ ਕੋਲ ਫਸ ਗਏ। ਬਰਫ਼ ਦੀ ਰਫ਼ਤਾਰ ਤੇਜ਼ ਹੁੰਦੀ ਵੇਖ ਕੇ ਮਨਾਲੀ ਪੁਲਸ ਨੇ ਸੈਲਾਨੀਆਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ। ਮੰਗਲਵਾਰ ਨੂੰ ਮੌਸਮ ਸਾਫ਼ ਹੁੰਦੇ ਹੀ ਬੀ. ਆਰ. ਓ. ਨੇ ਸੜਕ ‘ਤੇ ਜੰਮੀ ਬਰਫ਼ ਨੂੰ ਹਟਾਉਣ ਦਾ ਕੰਮ ਸ਼ੁਰੂ ਕੀਤਾ। ਇਕ ਵਾਰ ਫਿਰ ਅਟਲ ਟਨਲ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।