
ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਬੁੱਧਵਾਰ ਨੂੰ ਲਗਭਗ 40 ਫੀਸਦੀ ਪ੍ਰਵਾਸੀ ਕਸ਼ਮੀਰੀ ਪੰਡਿਤਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਵਾਸੀ ਕਸ਼ਮੀਰੀ ਪੰਡਿਤਾਂ ਲਈ ਜੰਮੂ, ਦਿੱਲੀ ਅਤੇ ਊਧਮਪੁਰ ‘ਚ 24 ਪੋਲਿੰਗ ਸਟੇਸ਼ਨ ਬਣਾਏ ਗਏ ਸਨ। ਰਾਹਤ ਅਤੇ ਮੁੜ ਵਸੇਬਾ ਕਮਿਸ਼ਨਰ ਅਰਵਿੰਦ ਕਰਵਾਨੀ ਨੇ ਦੱਸਿਆ,”ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ‘ਚ ਜੰਮੂ ਦੇ 19 ਪੋਲਿੰਗ ਸਟੇਸ਼ਨਾਂ ‘ਤੇ ਲਗਭਗ 40 ਫੀਸਦੀ ਵੋਟਿੰਗ ਹੋਈ, ਜਦੋਂ ਕਿ ਊਧਮਪੁਰ ‘ਚ 37 ਫੀਸਦੀ ਅਤੇ ਦਿੱਲੀ ‘ਚ 43 ਫੀਸਦੀ ਵੋਟਿੰਗ ਹੋਈ।”ਅਧਿਕਾਰਤ ਅੰਕੜਿਆਂ ਅਨੁਸਾਰ 3,514 ਪੁਰਸ਼ ਅਤੇ 2,736 ਔਰਤਾਂ ਸਮੇਤ ਕੁੱਲ 6,250 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਭ ਤੋਂ ਵੱਧ 2,796 ਵੋਟਾਂ ਹਬਕਦਲ ਚੋਣ ਖੇਤਰ ‘ਚ ਪਾਏ ਗਏ, ਜੋ ਕਦੇ ਕਸ਼ਮੀਰੀ ਪੰਡਿਤਾਂ ਦਾ ਗੜ੍ਹ ਸੀ। ਇਸ ਤੋਂ ਬਾਅਦ ਲਾਲ ਚੌਕ ‘ਚ 909 ਅਤੇ ਜਦੀਬਲ ‘ਚ 417 ਵੋਟਾਂ ਪਈਆਂ।