
ਚੀਨ ਨੇ ਜਾਪਾਨ ‘ਤੇ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਦੇ ਨਾਲ ਉੱਚ ਪੱਧਰੀ ਗੱਲਬਾਤ ਦੌਰਾਨ ਉਸ ਖਿਲਾਫ ‘ਬਦਨਾਮੀ ਕਰਨ ਵਾਲੇ ਹਮਲੇ’ ਕਰਨ ਦਾ ਦੋਸ਼ ਲਗਾਇਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਏਸ਼ੀਆਈ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਲਿਊ ਜਿਨਸੋਂਗ ਨੇ ਇਕ ਦਿਨ ਪਹਿਲਾਂ ਜਾਪਾਨੀ ਦੂਤਘਰ ‘ਚ ਮਿਸ਼ਨ ਦੇ ਡਿਪਟੀ ਚੀਫ ਅਕੀਰਾ ਯੋਕੋਚੀ ਨਾਲ ਮੁਲਾਕਾਤ ਦੌਰਾਨ ਹਾਲ ਹੀ ਦੇ ਘਟਨਾਕ੍ਰਮ ‘ਤੇ ਗੰਭੀਰ ਚਿੰਤਾ ਜ਼ਾਹਰ ਕੀਤੀ। ਬਿਆਨ ਮੁਤਾਬਕ, “ਲਿਊ ਨੇ ਕਿਹਾ ਕਿ ਚੀਨ ‘ਤੇ ਜਾਪਾਨ ਦੇ ਬਦਨਾਮੀ ਵਾਲੇ ਹਮਲੇ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਕ ਅਤੇ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਦੇ ਉਸ ਦੇ ਰੁਖ ਦੇ ਉਲਟ ਹਨ।”
ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਐਤਵਾਰ ਨੂੰ ਹੋਈ ਬੈਠਕ ਦੌਰਾਨ ਜਾਪਾਨ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਨੇ ਅਮਰੀਕਾ ਨਾਲ ਫੌਜੀ ਸਹਿਯੋਗ ਵਧਾਉਣ ‘ਤੇ ਸਹਿਮਤੀ ਪ੍ਰਗਟਾਈ। ਇਹ ਬੈਠਕ ਦੋਹਾਂ ਦੇਸ਼ਾਂ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਵਿਚਾਲੇ ਹੋਈ। ਸੰਯੁਕਤ ਬਿਆਨ ਵਿਚ ਕਿਹਾ ਗਿਆ ਹੈ ਕਿ ਚੀਨ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਵਿਸ਼ਵਵਿਆਪੀ ਵਿਵਸਥਾ ਨੂੰ ਆਪਣੇ ਫਾਇਦੇ ਲਈ ਨਵਾਂ ਰੂਪ ਦੇਣਾ ਚਾਹੁੰਦਾ ਹੈ ਅਤੇ ਅਜਿਹਾ ਵਿਵਹਾਰ ਹਿੰਦ-ਪ੍ਰਸ਼ਾਂਤ ਖੇਤਰ ਅਤੇ ਇਸ ਤੋਂ ਬਾਹਰ ਲਈ ਇਕ “ਵੱਡੀ ਰਣਨੀਤਕ ਚੁਣੌਤੀ” ਹੈ। ਅਮਰੀਕਾ ਅਤੇ ਜਾਪਾਨ ਵਿਚਾਲੇ ਗੱਲਬਾਤ ਤੋਂ ਬਾਅਦ ਸੋਮਵਾਰ ਨੂੰ ‘ਕਵਾਡ’ ਗਰੁੱਪ ‘ਚ ਸ਼ਾਮਲ ਦੇਸ਼ਾਂ ਅਮਰੀਕਾ, ਜਾਪਾਨ, ਭਾਰਤ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ।