
ਆਸਾਮ ਦੇ ਕਛਾਰ ਜ਼ਿਲ੍ਹੇ ‘ਚ ਬੁੱਧਵਾਰ ਨੂੰ ਭਿਆਨਕ ਮੁਕਾਬਲੇ ‘ਚ ਤਿੰਨ ਅੱਤਵਾਦੀ ਮਾਰੇ ਗਏ ਅਤੇ ਕਈ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਪੁਲਸ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਹੈ ਪਰ ਗੁਹਾਟੀ ਸਥਿਤ ਆਸਾਮ ਪੁਲਸ ਹੈੱਡ ਕੁਆਰਟਰ ਦੇ ਇਕ ਸੀਨੀਅਰ ਅਧਿਕਾਰੀ ਨੇ ਮੁਕਾਬਲੇ ‘ਚ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ,”ਸਾਡੇ ਕੁਝ ਜਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ।”
ਸੂਤਰਾਂ ਅਨੁਸਾਰ ਪੁਲਸ ਨੇ ਮੰਗਲਵਾਰ ਰਾਤ ਪੂਰਬੀ ਢੋਲਾ ਗੰਗਾਨਗਰ ਤੋਂ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹ ਕਿਹੜੇ ਸੰਗਠਨ ਦੇ ਸਨ। ਉਨ੍ਹਾਂ ਕਿਹਾ,”ਪੁਲਸ ਨੇ ਇਕ ਆਟੋ ਰਿਕਸ਼ਾ ਬਰਾਮਦ ਕੀਤਾ, ਜਿਸ ਦਾ ਇਸਤੇਮਾਲ ਅੱਤਵਾਦੀਆਂ ਨੇ ਕੀਤਾ ਸੀ। ਉਸ ‘ਚੋਂ ਇਕ ਏ.ਕੇ.-47 ਰਾਈਫਲ, ਇਕ ਪਿਸਤੌਲ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ। ਪੁਲਸ ਦੀ ਇਕ ਟੀਮ ਹੋਰ ਅੱਤਵਾਦੀਆਂ ਦੀ ਭਾਲ ‘ਚ ਬੁੱਧਵਾਰ ਸਵੇਰੇ ਤਿੰਨਾਂ ਨੂੰ ਭਬਨ ਹਿਲਸ ਇਲਾਕੇ ‘ਚ ਲੈ ਕੇ ਗਈ। ਉਸ ਸਮੇਂ ਮੁਕਾਬਲਾ ਹੋਇਆ।’