
ਬ੍ਰਿਟੇਨ ਵਿਚ ਵੀਰਵਾਰ ਨੂੰ ਆਮ ਚੋਣਾਂ ਲਈ ਵੋਟਿੰਗ ਜਾਰੀ ਹੈ, ਜਿਸ ਵਿਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਲੇਬਰ ਪਾਰਟੀ ਤੋਂ ਉਨ੍ਹਾਂ ਦੇ ਵਿਰੋਧੀ ਕੀਰ ਸਟਾਰਮਰ ਸਮੇਤ ਲੱਖਾਂ ਲੋਕਾਂ ਨੇ ਵੋਟਿੰਗ ਕੀਤੀ। ਸੁਨਕ ਅਤੇ ਉਸਦੀ ਪਤਨੀ ਅਕਸ਼ਤਾ ਮੂਰਤੀ ਉੱਤਰੀ ਇੰਗਲੈਂਡ ਦੇ ਯੌਰਕਸ਼ਾਇਰ ਵਿੱਚ ਰਿਚਮੰਡ ਅਤੇ ਨੌਰਥਲਰਟਨ ਦੇ ਆਪਣੇ ਹਲਕੇ ਵਿੱਚ ਇੱਕ ਸਥਾਨਕ ਪੋਲਿੰਗ ਸਟੇਸ਼ਨ ‘ਤੇ ਪਹੁੰਚੇ। ਥੋੜ੍ਹੇ ਸਮੇਂ ਬਾਅਦ ਸਟਾਰਮਰ ਅਤੇ ਉਸਦੀ ਪਤਨੀ ਵਿਕਟੋਰੀਆ ਲਾਲ ਕੱਪੜੇ ਪਹਿਨ ਕੇ ਉੱਤਰੀ ਲੰਡਨ ਦੇ ਕੈਮਡੇਨ ਵਿੱਚ ਆਪਣੇ ਪੋਲਿੰਗ ਸਟੇਸ਼ਨ ਪਹੁੰਚੇ। ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਿਸ਼ੀ ਸੁਨਕ (44) ਦਾ ਸਿਆਸੀ ਭਵਿੱਖ ਇਸ ਚੋਣ ‘ਚ ਤੈਅ ਹੋਵੇਗਾ। ਸੁਨਕ ਦਾ ਮੁੱਖ ਮੁਕਾਬਲਾ ਲੇਬਰ ਪਾਰਟੀ ਦੇ ਕੇਇਰ ਸਟਾਰਮਰ ਨਾਲ ਹੈ।
ਸੁਨਕ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ “ਟੈਕਸ ਵਧਾਉਣ ਵਾਲੀ” ਲੇਬਰ ਪਾਰਟੀ ਨੂੰ “ਬਹੁਮਤ” ਨਾ ਦੇਣ। ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੇ 650 ਹਲਕਿਆਂ ਲਈ ਉਮੀਦਵਾਰ ਖੜ੍ਹੇ ਹਨ। ਦੋ ਮੁੱਖ ਪਾਰਟੀਆਂ ਤੋਂ ਇਲਾਵਾ ਲਿਬਰਲ ਡੈਮੋਕਰੇਟਸ, ਗ੍ਰੀਨ ਪਾਰਟੀ, ਸਕਾਟਿਸ਼ ਨੈਸ਼ਨਲ ਪਾਰਟੀ (ਐਸ.ਐਨ.ਪੀ), ਐਸ.ਡੀ.ਐਲ.ਪੀ, ਡੈਮੋਕਰੇਟਿਕ ਯੂਨੀਅਨਿਸਟ ਪਾਰਟੀ (ਡੀ.ਯੂ.ਪੀ), ਸਿਨ ਫੇਨ, ਪਲੇਡ ਸਾਈਮਰੂ, ਰਿਫਾਰਮ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।