
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੀ ਸੀਟ ‘ਤੇ ਮੈਂਬਰ ਪਾਰਲੀਮੈਂਟ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਕਾਂਗਰਸ ਪਾਰਟੀ ਦੇ ਵਰਕਰਾਂ ਸਮੇਤ ਮਾਝੇ ਦੇ ਇਤਿਹਾਸਕ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਏ। ਇਸ ਸਮੇਂ ਉਨ੍ਹਾਂ ਨਾਲ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਕਰਨਬੀਰ ਸਿੰਘ ਬੁਰਜ, ਸੀਨੀਅਰ ਆਗੂ ਮਨਿੰਦਰਪਾਲ ਸਿੰਘ ਪਲਾਸੌਰ ਅਤੇ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਵੀ ਨਾਲ ਸਨ। ਇਸ ਸਮੇਂ ਰਾਜਾ ਵੜਿੰਗ ਨੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਧੰਨਵਾਦ ਕੀਤਾ ਅਤੇ ਬੈਠ ਕੇ ਕੀਰਤਨ ਸਰਵਣ ਕੀਤਾ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਜੋ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਕਾਂਗਰਸ ਨੇ ਉਸ ਦੀਆਂ ਤਿਆਰੀਆ ਲਈ ਕਮਰ ਕੱਸੇ ਕਰ ਲਏ ਹਨ ਅਤੇ ਇਨ੍ਹਾਂ ਚੋਣਾਂ ਵਿਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ। ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਰਾਜਾ ਵੜਿੰਗ ਨੇ ਕਿਹਾ ਕਿ ਲੋਕਤੰਤਰ ਵਿਚ ਸੰਵਿਧਾਨ ਮੁਤਾਬਿਕ ਕੋਈ ਵੀ ਚੋਣ ਲੜ ਸਕਦਾ ਹੈ ਅਤੇ ਲੋਕਾਂ ਨੇ ਇਸ ਸਬੰਧੀ ਜੋ ਵੀ ਆਪਣਾ ਫੈਸਲਾ ਦਿੱਤਾ ਹੈ ਉਸ ਨੂੰ ਸਿਰ ਮੱਥੇ ਮੰਨਣਾ ਚਾਹੀਦਾ ਹੈ।