
ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਸਮਾਪਤ ਹੋ ਗਿਆ ਹੈ। ਇਸ ਦੌਰਾਨ ਪੀ. ਐੱਮ. ਮੋਦੀ, ਰਾਹੁਲ ਗਾਂਧੀ ਸਮੇਤ ਕਈ ਵੱਡੇ ਨੇਤਾਵਾਂ ਨੇ ਚੋਣ ਰੈਲੀਆਂ ਕੀਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਨ੍ਹਾਂ ਚੋਣਾਂ ’ਚ 100 ਤੋਂ ਵੱਧ ਚੋਣ ਰੈਲੀਆਂ ਕੀਤੀਆਂ। ਖੜਗੇ ਨੇ ਇਸ ਦੌਰਾਨ 20 ਤੋਂ ਵੱਧ ਪ੍ਰੈੱਸ ਕਾਨਫਰੰਸਾਂ ਕੀਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 50 ਤੋਂ ਵੱਧ ਮੀਡੀਆ ਹਾਊਸਾਂ ਨੂੰ ਇੰਟਰਵਿਊਜ਼ ਦਿੱਤੇ।
ਸੂਤਰਾਂ ਮੁਤਾਬਕ ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ’ਚ ਕੁੱਲ 107 ਰੈਲੀਆਂ ਅਤੇ ਰੋਡ ਸ਼ੋਅ ਕੀਤੇ। ਇਨ੍ਹਾਂ ਵਿਚ ਸੰਵਾਦ ਅਤੇ ਨਿਆਂ ਸਮਾਗਮ, ਨਿਆਂ ਮੰਚ ਵਰਗੇ ਪ੍ਰਮੁੱਖ ਚੋਣ ਪ੍ਰਚਾਰ ਪ੍ਰੋਗਰਾਮ ਸ਼ਾਮਲ ਸਨ। ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਚੋਣ ਰੈਲੀਆਂ ਕੀਤੀਆਂ। ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ 55 ਦਿਨਾਂ ’ਚ 108 ਰੈਲੀਆਂ ਅਤੇ ਰੋਡ ਸ਼ੋਅ ਕੀਤੇ। ਉਨ੍ਹਾਂ ਨੇ 100 ਤੋਂ ਵੱਧ ਮੀਡੀਆ ਬਾਈਟਸ ਦਿੱਤੇ। ਇਸ ਤੋਂ ਇਲਾਵਾ ਪ੍ਰਿਅੰਕਾ ਗਾਂਧੀ ਨੇ ਇਕ ਟੀ.ਵੀ. ਇੰਟਰਵਿਊ ਅਤੇ 5 ਅਖਬਾਰਾਂ ਨੂੰ ਇੰਟਰਵਿਊ ਵੀ ਦਿੱਤੀਆਂ।
ਓਡਿਸ਼ਾ ’ਚ ਇਕ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਨੇਤਾ ਮੋਦੀ ਨੂੰ ਭਗਵਾਨ ਵਿਸ਼ਨੂੰ ਦੇ ਗਿਆਰਵੇਂ ਅਵਤਾਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦੇਸ਼ ਦੇ ਲੋਕ ਇਸ ਨੂੰ ਸਵੀਕਾਰ ਨਹੀਂ ਕਰਨਗੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ’ਤੇ ਚੋਣ ਪ੍ਰਚਾਰ ਦੌਰਾਨ ‘ਨਫ਼ਰਤ ਭਰਿਆ ਭਾਸ਼ਣ’ ਦੇ ਕੇ ਜਨਤਕ ਭਾਸ਼ਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਅਹੁਦੇ ਦੀ ਮਾਣ-ਮਰਿਆਦਾ ਨੂੰ ਘਟਾਉਣ ਦਾ ਦੋਸ਼ ਲਗਾਇਆ।