
10 ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ ਲਈ ਮੰਗਲਵਾਰ ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮ 6 ਵਜੇ ਖ਼ਤਮ ਹੋ ਗਈ। ਚੋਣ ਕਮਿਸ਼ਨ ਮੁਤਾਬਕ ਇਸ ਪੜਾਅ ’ਚ 64.08 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ। ਸਭ ਤੋਂ ਵੱਧ ਪੋਲਿੰਗ ਆਸਾਮ ’ਚ 75 ਫੀਸਦੀ ਤੇ ਸਭ ਤੋਂ ਘੱਟ 53 ਫੀਸਦੀ ਮਹਾਰਾਸ਼ਟਰ ’ਚ ਦਰਜ ਕੀਤੀ ਗਈ। ਸ਼ਾਮ 5 ਵਜੇ ਤੱਕ 63.77 ਫੀਸਦੀ ਵੋਟਾਂ ਪਈਆਂ। ਪੱਛਮੀ ਬੰਗਾਲ ’ਚ 73.93 ਫੀਸਦੀ ਪੋਲਿੰਗ ਹੋਈ। ਦੁਪਹਿਰ 3 ਵਜੇ ਤੱਕ 53.60 ਫੀਸਦੀ ਵੋਟਾਂ ਪੈ ਚੁਕੀਆਂ ਸਨ। ਉਸ ਸਮੇਂ ਤੱਕ ਪੱਛਮੀ ਬੰਗਾਲ ’ਚ ਸਭ ਤੋਂ ਵੱਧ 63.11 ਤੇ ਮਹਾਰਾਸ਼ਟਰ ’ਚ ਸਭ ਤੋਂ ਘੱਟ 42.63 ਫੀਸਦੀ ਲੋਕਾਂ ਨੇ ਵੋਟ ਪਾਈ ਸੀ। ਜਿਨ੍ਹਾਂ 93 ਸੀਟਾਂ ’ਤੇ ਮੰਗਲਵਾਰ ਵੋਟਾਂ ਪਈਆਂ, 2019 ’ਚ ਉੱਥੇ 66.89 ਫੀਸਦੀ ਵੋਟਿੰਗ ਹੋਈ ਸੀ। ਸਭ ਤੋਂ ਵੱਧ 90.66 ਫੀਸਦੀ ਪੋਲਿੰਗ ਅਾਸਾਮ ਦੀ ਧੁਬਰੀ ਸੀਟ ’ਤੇ ਹੋਈ। ਸਭ ਤੋਂ ਘੱਟ 54.53 ਫੀਸਦੀ ਵੋਟਾਂ ਮੱਧ ਪ੍ਰਦੇਸ਼ ਦੀ ਭਿੰਡ ਸੀਟ ’ਤੇ ਪਈਆਂ। ਇਸ ਪੜਾਅ ’ਚ ਕੇਂਦਰ ਸਰਕਾਰ ਦੇ 7 ਮੰਤਰੀਆਂ ਦੀ ਕਿਸਮਤ ਵੀ ਈ. ਵੀ. ਐੱਮ. ’ਚ ਕੈਦ ਹੋ ਗਈ। ਇਨ੍ਹਾਂ ਮੰਤਰੀਆਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਸ਼ਾਮਲ ਹਨ।
ਚੋਣਾਂ ਦੇ ਤੀਜੇ ਪੜਾਅ ਦੌਰਾਨ ਬਿਹਾਰ, ਛੱਤੀਸਗੜ੍ਹ ਤੇ ਕਰਨਾਟਕ ’ਚ 5 ਵਿਅਕਤੀਆਂ ਦੀ ਮੌਤ ਹੋ ਗਈ। ਬਿਹਾਰ ਦੇ ਅਰਰੀਆ ’ਚ ਚੋਣ ਡਿਊਟੀ ਦੌਰਾਨ ਹੋਮ ਗਾਰਡ ਦੇ ਇਕ ਜਵਾਨ ਤੇ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ’ਚ ਵੋਟ ਪਾਉਣ ਆਏ ਇਕ ਬਜ਼ੁਰਗ ਦੀ ਪੋਲਿੰਗ ਬੂਥ ’ਚ ਮੌਤ ਹੋ ਗਈ। ਕਰਨਾਟਕ ’ਚ ਚੋਣ ਡਿਊਟੀ ’ਤੇ ਤਾਇਨਾਤ ਦੋ ਸਰਕਾਰੀ ਮੁਲਾਜ਼ਮਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਿਦਰ ਜ਼ਿਲੇ ਦੇ ਕੁਡੰਬਲ ’ਚ ਸਹਾਇਕ ਖੇਤੀਬਾੜੀ ਅਧਿਕਾਰੀ ਆਨੰਦ ਤੇਲੰਗ (32) ਦੀ ਵੀ ਮੌਤ ਹੋ ਗਈ।