
ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਸਾਰੇ ਭ੍ਰਿਸ਼ਟ ਨੇਤਾਵਾਂ ਖ਼ਿਲਾਫ਼ ਸਾਰੇ ਕਾਗ਼ਜ਼ਾਤ ਅਤੇ ਫਾਈਲਾਂ ਇਕੱਠੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਹ ਲੋਕ ਮੈਦਾਨ ਤੋਂ ਬਾਹਰ ਹੋਣਗੇ ਤਾਂ ਉਹ ਇਹ ਯਕੀਨੀ ਬਣਾਉਣਗੇ ਕਿ ਉਹ ਹਮੇਸ਼ਾ ਲਈ ਸਿਆਸਤ ਤੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪੰਜਾਬ ਦੀਆਂ ਤਿੰਨ ਪੀੜ੍ਹੀਆਂ ਦਾ ਹੱਕ ਲੁੱਟਿਆ ਹੈ। ਉਨ੍ਹਾਂ ਨੇ ਸਾਡੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਦਿੱਤਾ, ਸਾਡੀ ਜਵਾਨੀ ਬਰਬਾਦ ਕੀਤੀ ਅਤੇ ਬਜ਼ੁਰਗਾਂ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਸ਼ੈਰੀ ਕਲਸੀ ਨੌਜਵਾਨ, ਕਾਬਲ ਤੇ ਉਤਸ਼ਾਹੀ ਉਮੀਦਵਾਰ ਹੈ। ਉਨ੍ਹਾਂ ਨੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ‘ਤੇ ਨਿਸ਼ਾਨਾ ਸਾਧਿਆ, ਜੋ ਗੁਰਦਾਸਪੁਰ ਸੀਟ ਜਿੱਤਣ ਤੋਂ ਬਾਅਦ ਕਦੇ ਵੀ ਲੋਕਾਂ ’ਚ ਨਹੀਂ ਆਏ ਅਤੇ ਹਲਕੇ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਵਰਗੇ ਹਾਂ, ਤੁਹਾਡੇ ’ਚੋਂ ਇੱਕ ਹਾਂ, ਅਸੀਂ ਪਿੰਡਾਂ, ਆਮ ਪਰਿਵਾਰਾਂ ’ਚੋਂ ਤੇ ਖੇਤਾਂ ’ਚੋਂ ਆਏ ਹਾਂ। ਅਸੀਂ ਤੰਗੀਆਂ ਅਤੇ ਗ਼ਰੀਬੀ ’ਚੋਂ ਗੁਜ਼ਰੇ ਹਾਂ। ਉਨ੍ਹਾਂ ਕਿਹਾ ਕਿ ਰੁੱਖਾਂ ਨੂੰ ਵੀ ਹਰ ਮੌਸਮ ’ਚ ਨਵੇਂ ਪੱਤੇ ਲੱਗਦੇ ਹਨ, ਇਸ ਲਈ ਗੁਰਦਾਸਪੁਰ ਦੇ ਲੋਕਾਂ ਨੂੰ ਨਵੇਂ ਤੇ ਤਾਜ਼ੇ ਚਿਹਰੇ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਆਗੂਆਂ ਕਾਰਨ ਹਲਕਾ ਫ਼ਤਿਹਗੜ੍ਹ ਚੂੜੀਆਂ ਪਿੱਛੇ ਰਹਿ ਗਿਆ ਹੈ। ਇਸ ਵੱਲ ਧਿਆਨ ਦੇਣ ਲਈ ਇਮਾਨਦਾਰ ਨੁਮਾਇੰਦਿਆਂ ਦੀ ਲੋੜ ਹੈ। ਲੋਕ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੂੰ ਪਰਖ ਚੁੱਕੇ ਹਨ, ਹੁਣ ਬਦਲਾਅ ਦਾ ਸਮਾਂ ਹੈ।