
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਲੇਜ਼ਰ ਸ਼ੋਅ ਚਲਾ ਰਹੇ ਮੈਰਿਜ ਪੈਲੇਸਾਂ ਖ਼ਿਲਾਫ਼ ਡੀ. ਸੀ. ਘਣਸ਼ਾਮ ਥੋਰੀ ਨੇ ਕੇਸ ਦਰਜ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਹਵਾਈ ਅੱਡੇ ਦੇ ਅਧਿਕਾਰੀਆਂ ਵੱਲੋਂ ਡੀ. ਸੀ. ਨੂੰ ਸੂਚਿਤ ਕੀਤਾ ਗਿਆ ਸੀ ਕਿ ਕੁਝ ਮੈਰਿਜ ਪੈਲੇਸਾਂ ਵੱਲੋਂ ਰਾਤ ਸਮੇਂ ਲੇਜ਼ਰ ਸ਼ੋਅ ਚਲਾਏ ਜਾਂਦੇ ਹਨ, ਜਿਸ ਕਾਰਨ ਪਾਇਲਟਾਂ ਨੂੰ ਜਹਾਜ਼ ਦੇ ਲੈਂਡਿੰਗ ਅਤੇ ਉਡਾਣ ਭਰਨ ਵਿਚ ਦਿੱਕਤ ਆਉਂਦੀ ਹੈ ਅਤੇ ਇਹ ਖ਼ਤਰੇ ਦਾ ਕਾਰਨ ਵੀ ਬਣ ਸਕਦਾ ਹੈ।ਡੀ. ਸੀ. ਨੇ ਕਿਹਾ ਕਿ ਜਹਾਜ਼ਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਜੇਕਰ ਕੋਈ ਮੈਰਿਜ ਪੈਲੇਸ ਮਾਲਕ ਜਾਂ ਕੋਈ ਪ੍ਰਾਈਵੇਟ ਵਿਅਕਤੀ ਲੇਜ਼ਰ ਸ਼ੋਅ ਦਾ ਆਯੋਜਨ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।