
ਕੇਰਲ ਦੇ ਏਡੀਜੀਪੀ ਐੱਮ.ਆਰ. ਅਜੀਤ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰੀ ਬਾਰਸ਼ ਦੇ ਬਾਵਜੂਦ ਵਾਇਨਾਡ ਦੇ ਮੁੰਡਕਾਈ ‘ਚ ਵੱਡੇ ਪੱਧਰ ‘ਤੇ ਖੋਜ ਅਤੇ ਬਚਾਅ ਮੁਹਿੰਮ ਚੱਲ ਰਹੀ ਹੈ ਅਤੇ ਲਗਭਗ 300 ਲੋਕ ਅਜੇ ਵੀ ਲਾਪਤਾ ਹਨ। ਭਾਰੀ ਮੀਂਹ ਕਾਰਨ ਮੰਗਲਵਾਰ ਨੂੰ ਕੇਰਲ ਵਿਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 200 ਦੇ ਕਰੀਬ ਪਹੁੰਚ ਗਈ, ਜਦਕਿ ਅਧਿਕਾਰੀਆਂ ਨੇ ਇਹ ਗਿਣਤੀ ਹੋਰ ਵੱਧਣ ਦਾ ਖਦਸ਼ਾ ਜਤਾਇਆ ਹੈ।ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 300 ਦੇ ਕਰੀਬ ਲੋਕ ਅਜੇ ਵੀ ਲਾਪਤਾ ਹਨ, ਪਰ ਅਸਲ ਗਿਣਤੀ ਦਾ ਪਤਾ ਮਾਲ ਵਿਭਾਗ ਦੇ ਵੇਰਵੇ ਇਕੱਠੇ ਕਰਨ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ, ‘ਸਾਨੂੰ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ, ਉਸ ਅਨੁਸਾਰ ਲਗਭਗ 300 ਲੋਕ ਅਜੇ ਵੀ ਲਾਪਤਾ ਹਨ। ਮਾਲ ਵਿਭਾਗ ਵੇਰਵੇ ਇਕੱਠੇ ਕਰਨ ਵਿੱਚ ਰੁੱਝਿਆ ਹੋਇਆ ਹੈ। ਇੱਕ-ਦੋ ਦਿਨਾਂ ਵਿੱਚ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ।’ ਰਾਜ ਵਿੱਚ ਕਾਨੂੰਨ ਤੇ ਵਿਵਸਥਾ ਦੇ ਇੰਚਾਰਜ ਏਡੀਜੀਪੀ ਨੇ ਕਿਹਾ ਕਿ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਨੂੰ ਛੇ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਵੱਖ-ਵੱਖ ਟੀਮਾਂ ਨੇ ਕੁੱਤਿਆਂ ਦੇ ਦਸਤੇ ਨਾਲ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ।