
ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਨਾਜਾਇਜ਼ ਤੌਰ ’ਤੇ ਬਣ ਰਹੀਆਂ ਬਿਲਡਿੰਗਾਂ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨਾਲ ਜੁੜਿਆ ਮਾਮਲਾ ਜ਼ੋਨ-ਡੀ ’ਚ ਸਾਹਮਣੇ ਆਇਆ ਹੈ, ਜਿੱਥੇ ਆਤਮ ਪਾਰਕ ਪੁਲਸ ਚੌਕੀ ਸਾਹਮਣੇ ਅਬਦੁੱਲਾਪੁਰ ਬਸਤੀ ਇਲਾਕੇ ’ਚ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਬਿਲਡਿੰਗ ਦੇ ਨਿਰਮਾਣ ਲਈ ਨਗਰ ਨਿਗਮ ਤੋਂ ਨਕਸ਼ਾ ਤਾਂ ਪਾਸ ਕਰਵਾਇਆ ਗਿਆ ਹੈ ਪਰ ਬੇਸਮੈਂਟ ਦੀ ਖੁਦਾਈ ਨਿਯਮਾਂ ਮੁਤਾਬਕ ਨਹੀਂ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼ਿਕਾਇਤ ਮਿਲਣ ’ਤੇ ਏ. ਟੀ. ਪੀ. ਵੱਲੋਂ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ।
ਜ਼ੋਨ-ਡੀ ਦੇ ਇੰਸਪੈਕਟਰ ਕਿਰਨਦੀਪ ਸਿੰਘ ਕੋਲ ਮਾਡਲ ਟਾਊਨ ਏਰੀਆ ਦਾ ਵੀ ਚਾਰਜ ਹੈ, ਜਿੱਥੇ 2 ਦਿਨ ਪਹਿਲਾਂ ਇੰਸਪੈਕਟਰ ਵੱਲੋਂ ਖੁਦ ਫੀਲਡ ’ਚ ਉਤਰ ਕੇ ਚੈਕਿੰਗ ਕੀਤੀ ਗਈ ਹੈ। ਇਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਰਿਹਾਇਸ਼ੀ ਇਲਾਕੇ ’ਚ ਨਾਜਾਇਜ਼ ਤੌਰ ’ਤੇ ਕਮਰਸ਼ੀਅਲ ਬਿਲਡਿੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਪਰ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਦੇ ਨਿਰਮਾਣ ਲਈ ਨਾ ਤਾਂ ਨਕਸ਼ਾ ਪਾਸ ਹੋ ਸਕਦਾ ਹੈ ਅਤੇ ਨਾ ਹੀ ਫੀਸ ਜਮ੍ਹਾ ਕਰ ਕੇ ਰੈਗੂਲਰ ਕਰਨ ਦਾ ਨਿਯਮ ਹੈ। ਭਾਵੇਂ ਇਨ੍ਹਾਂ ’ਚੋਂ ਕੁਝ ਬਿਲਡਿੰਗਾਂ ’ਤੇ ਸੀਲਿੰਗ ਅਤੇ ਤੋੜਨ ਦੀ ਕਾਰਵਾਈ ਕੀਤੀ ਗਈ ਹੈ, ਜੋ ਕੁਝ ਦੇਰ ਬਾਅਦ ਬਣ ਕੇ ਤਿਆਰ ਹੋ ਜਾਂਦੀ ਹੈ।