
ਗੁਜਰਾਤੀ ਡਾਕਟਰ ਧਰਮੇਸ਼ ਪਟੇਲ, ਜੋ ਜਨਵਰੀ 2023 ਤੋਂ ਜੇਲ੍ਹ ਵਿੱਚ ਨਜ਼ਰਬੰਦ ਹਨ, ਉਨ੍ਹਾਂ ਦੀ ਪਤਨੀ ਨੇਹਾ ਪਟੇਲ ਨੇ ਇਸ ਮਾਮਲੇ ਵਿੱਚ ਪਹਿਲੀ ਵਾਰ ਅਦਾਲਤ ਦੇ ਸਾਹਮਣੇ ਭਾਵੁਕ ਗਵਾਹੀ ਦਿੱਤੀ ਹੈ। ਅਦਾਲਤ ਨੂੰ ਅਪਰਾਧਿਕ ਦੋਸ਼ ਹਟਾਉਣ ਦੀ ਅਪੀਲ ਦੇ ਨਾਲ ਉਸ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ ਹੈ। ਅਮਰੀਕਾ ਵਿੱਚ ਵਿਵਾਦਗ੍ਰਸਤ ਹੋ ਗਏ ਡਾ. ਧਰਮੇਸ਼ ਪਟੇਲ ਦੀ ਪਤਨੀ ਨੇ ਪਹਿਲੀ ਵਾਰ ਅਦਾਲਤ ਵਿੱਚ ਆਪਣੀ ਗਵਾਹੀ ਵੀਰਵਾਰ ਨੂੰ ਕੈਲੀਫੋਰਨੀਆ ਦੀ ਰੈੱਡਵੁੱਡ ਸਿਟੀ ਕੋਰਟ ‘ਚ ਦਿੰਦੇ ਹੋਏ ਨੇਹਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਬੱਚੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਇਹੀ ਸਵਾਲ ਪੁੱਛ ਰਹੇ ਹਨ ਕਿ ਡੈਡੀ ਘਰ ਕਦੋਂ ਵਾਪਸ ਆਉਣਗੇ?
ਇਸਤਗਾਸਾ ਪੱਖ ਦਾ ਦਾਅਵਾ ਹੈ ਕਿ ਧਰਮੇਸ਼ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਮਾਰਨ ਦੇ ਇਰਾਦੇ ਨਾਲ ਆਪਣੀ ਕਾਰ ਇੱਕ ਪਹਾੜੀ ਦੇ ਨਾਲ ਟੱਕਰਾ ਦਿੱਤੀ ਸੀ। ਹਾਲਾਂਕਿ ਕਾਰ ਵਿੱਚ ਸਵਾਰ ਪਰਿਵਾਰ ਦੇ ਮੈਂਬਰ ਇਸ ਹਾਦਸੇ ਵਿੱਚ ਚਮਤਕਾਰੀ ਢੰਗ ਨਾਲ ਬਚ ਗਏ ਸਨ। ਡਾਕਟਰ ਧਰਮੇਸ ਪਟੇਲ ਨੇ ਆਪਣੇ ‘ਤੇ ਲਗਾਏ ਗਏ ਦੋਸ਼ਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਅਦਾਲਤ ਦੇ ਸਾਹਮਣੇ ਇਹ ਵੀ ਦਾਅਵਾ ਕੀਤਾ ਹੈ ਕਿ ਜਦੋਂ ਹਾਦਸਾ ਵਾਪਰਿਆ ਤਾਂ ਉਹ ਬਹੁਤ ਬੁਰੀ ਤਰਾਂ ਮਾਨਸਿਕ ਸਥਿਤੀ ਵਿੱਚ ਸੀ ਅਤੇ ਉਹ ਆਪਣੇ ਬੱਚਿਆਂ ਨਾਲ ਕੁਝ ਅਣਸੁਖਾਵੀਂ ਘਟਨਾ ਵਾਪਰਨ ਦੇ ਡਰ ਵਿੱਚ ਸੀ। ਧਰਮੇਸ਼ ਪਟੇਲ ਨੇ ਅਦਾਲਤ ਨੂੰ ਉਸ ਦਾ ਮਨੋਵਿਗਿਆਨਕ ਇਲਾਜ ਕਰਵਾਉਣ ਦੀ ਬੇਨਤੀ ਕੀਤੀ ਹੈ।
ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਜੇਕਰ ਉਸ ਦੇ ਪਤੀ ਨੂੰ ਘਰ ਪਰਤਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਉਸ ਦਾ ਪਰਿਵਾਰ ਪੂਰਾ ਹੋ ਜਾਵੇਗਾ। ਨੇਹਾ ਪਟੇਲ ਨੇ ਅਦਾਲਤ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਉਸ ਦਾ ਪਰਿਵਾਰ ਭਵਿੱਖ ਵਿੱਚ ਲੋੜ ਪੈਣ ‘ਤੇ ਧਰਮੇਸ਼ ਦਾ ਮਾਨਸਿਕ ਇਲਾਜ ਕਰਵਾਉਣ ਤੋਂ ਸੰਕੋਚ ਨਹੀਂ ਕਰੇਗਾ। ਇਸ ਮਾਮਲੇ ਵਿੱਚ ਅੰਤਿਮ ਬਹਿਸ 10 ਮਈ ਨੂੰ ਹੋਵੇਗੀ, ਜਿਸ ਤੋਂ ਬਾਅਦ ਅਦਾਲਤ ਫ਼ੈਸਲਾ ਕਰੇਗੀ ਕਿ ਧਰਮੇਸ਼ ਨੂੰ ਮਾਨਸਿਕ ਸਿਹਤ ਡਾਇਵਰਸ਼ਨ ਪ੍ਰੋਗਰਾਮ ਲਈ ਯੋਗ ਮੰਨਿਆ ਜਾਵੇ ਜਾਂ ਨਹੀਂ।