ਬਿਹਾਰ ’ਚ ਕਾਂਗਰਸ ਦੀ ਇਕੋ-ਇਕ ਸੀਟ ’ਤੇ ਸੰਕਟ, ਓਵੈਸੀ ਦੀ ਐਂਟਰੀ ਨਾਲ ਬਦਲੇ ਸਮੀਕਰਨ

ਮੌਜੂਦਾ ਸਮੇਂ ’ਚ ਬਿਹਾਰ ਦੀ ਇਕੋ-ਇਕ ਕਾਂਗਰਸ ਦੀ ਸੀਟ ਕਿਸ਼ਨਗੰਜ ’ਤੇ ਇਨ੍ਹਾਂ ਲੋਕ ਸਭਾ ਚੋਣਾਂ ’ਚ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਬਿਹਾਰ ਦੀ ਇਹ ਇਕੋ-ਇਕ ਸੀਟ ਹੈ ਜਿੱਥੇ ਮੁਸਲਿਮ ਵੋਟਰ 68 ਫੀਸਦੀ ਹਨ। 2019 ’ਚ ਕਿਸ਼ਨਗੰਜ ਨੂੰ ਛੱਡ ਕੇ ਬਿਹਾਰ ਦੀਆਂ 40 ਵਿਚੋਂ 39 ਸੀਟਾਂ ਭਾਜਪਾ-ਜਦਯੂ ਗੱਠਜੋੜ ਨੇ ਜਿੱਤੀਆਂ ਸਨ।

ਇਹ ਸੀਟ ਕਾਂਗਰਸ ਦੇ ਖਾਤੇ ਵਿਚ ਗਈ ਸੀ। ਮੁਸਲਿਮ ਬਹੁਗਿਣਤੀ ਵਾਲੇ ਕਿਸ਼ਨਗੰਜ ’ਚ 1967 ਵਿਚ ਪ੍ਰਜਾ ਸੋਸ਼ਲਿਸਟ ਪਾਰਟੀ ਦੇ ਲਖਨ ਲਾਲ ਕਪੂਰ ਨੂੰ ਜਿੱਤ ਮਿਲੀ ਸੀ। ਉਹ ਇਸ ਸੀਟ ਤੋਂ ਜਿੱਤਣ ਵਾਲੇ ਇਕੋ-ਇਕ ਗੈਰ-ਮੁਸਲਿਮ ਉਮੀਦਵਾਰ ਸਨ। ਜਾਣਕਾਰਾਂ ਦੀ ਮੰਨੀਏ ਤਾਂ ਓਵੈਸੀ ਦੀ ਪਾਰਟੀ ਨੇ ਇਸ ਸੀਟ ’ਤੇ ਇਸ ਵਾਰ ਸਮੀਕਰਨ ਗੜਬੜਾ ਦਿੱਤੇ ਹਨ। ਇਸ ਸੀਟ ’ਤੇ ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਦੀ ਐਂਟਰੀ ਨਹੀਂ ਹੁੰਦੀ ਤਾਂ ਕਾਂਗਰਸ ਲਈ ਇਹ ਸੀਟ ਕੱਢਣੀ ਆਸਾਨ ਹੋ ਜਾਂਦੀ। ਇੱਥੇ ਦੂਜੇ ਪੜਾਅ ’ਚ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ।

ਇਸ ਸੀਟ ’ਤੇ ਮੁਸਲਿਮ ਵੋਟਰ ਵੱਧ ਹੋਣ ਕਾਰਨ ਉਹ ਕਿਸੇ ਵੀ ਉਮੀਦਵਾਰ ਨੂੰ ਜਿਤਾ ਸਕਦੇ ਹਨ। ਇਸ ਸੀਟ ਤਹਿਤ 6 ਵਿਧਾਨ ਸਭਾ ਹਲਕੇ ਆਉਂਦੇ ਹਨ। ਇੱਥੇ ਲਗਭਗ 17 ਲੱਖ ਵੋਟਰ ਹਨ। ਇਸ ਸੀਟ ਤੋਂ ਸ਼ਾਹਨਵਾਜ਼ ਹੁਸੈਨ, ਤਸਲੀਮੁਦੀਨ ਤੇ ਐੱਮ. ਜੇ. ਅਕਬਰ ਲੋਕ ਸਭਾ ’ਚ ਪਹੁੰਚ ਚੁੱਕੇ ਹਨ।

ਕਿਸ਼ਨਗੰਜ ’ਚ ਅਜਿਹਾ ਕੁਝ ਵੀ ਨਹੀਂ ਜੋ ਕਿਸੇ ਦਾ ਧਿਆਨ ਖਿੱਚ ਸਕੇ। 2012 ਦੇ ਆਸ-ਪਾਸ ਇੱਥੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ. ਐੱਮ. ਯੂ.) ਦਾ ਸੈਂਟਰ ਖੁੱਲ੍ਹਣ ਦੀ ਗੱਲ ਹੋਈ ਸੀ, ਜਿਸ ਦੇ ਲਈ 224 ਏਕੜ ਜ਼ਮੀਨ ਦੀ ਨਿਸ਼ਾਨਦੇਹੀ ਵੀ ਕਰ ਲਈ ਗਈ ਸੀ ਪਰ ਗੱਲ ਅਜੇ ਤਕ ਸਿਰੇ ਨਹੀਂ ਚੜ੍ਹ ਸਕੀ।

ਸਿੱਖਿਆ ਲਈ ਵਿਦਿਆਰਥੀਆਂ ਨੂੰ ਆਸ-ਪਾਸ ਦੇ ਸ਼ਹਿਰਾਂ ਦਾ ਸਹਾਰਾ ਹੈ। ਇੱਥੇ ਸਾਖਰਤਾ ਦਰ ਸਿਰਫ 57 ਫੀਸਦੀ ਹੈ, ਜੋ ਕੌਮੀ ਔਸਤ 77 ਫੀਸਦੀ ਤੋਂ ਘੱਟ ਹੈ।

Leave a Reply

Your email address will not be published. Required fields are marked *