ਸੀ. ਏ. ਏ. ’ਤੇ ਮਮਤਾ ਝੂਠ ਬੋਲ ਕੇ ਲੋਕਾਂ ਨੂੰ ਕਰ ਰਹੀ ਹੈ ਗੁਮਰਾਹ : ਰਾਜਨਾਥ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਨਾਗਰਿਕਤਾ (ਸੋਧ) ਕਾਨੂੰਨ (ਸੀ. ਏ. ਏ.) ਬਾਰੇ ਝੂਠ ਫੈਲਾਉਣ ਅਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ ਹੈ।

ਐਤਵਾਰ ਬੰਗਾਲ ’ਚ ਆਪਣੀ ਪਹਿਲੀ ਚੋਣ ਰੈਲੀ ਦੌਰਾਨ ਰਾਜਨਾਥ ਨੇ ਕਿਹਾ ਕਿ ਧਾਰਮਿਕ ਆਧਾਰ ’ਤੇ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਛੱਡ ਕੇ ਆਏ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੇ ਅਮਲ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਉਨ੍ਹਾਂ ਸੰਦੇਸ਼ਖਾਲੀ ’ਚ ਔਰਤਾਂ ’ਤੇ ਹੋਏ ‘ਅੱਤਿਆਚਾਰਾਂ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਮਤਾ ਬੈਨਰਜੀ ਦੀ ਅਗਵਾਈ ’ਚ ਸੂਬੇ ਵਿਚ ਅਰਾਜਕਤਾ ਦਾ ਮਾਹੌਲ ਹੈ।

ਭਾਜਪਾ ਉਮੀਦਵਾਰ ਗੌਰੀ ਸ਼ੰਕਰ ਘੋਸ਼ ਦੇ ਹੱਕ ’ਚ ਉਕਤ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬੰਗਾਲ ਵਰਗੇ ਸੂਬੇ ’ਚ ਇਕ ਮਹਿਲਾ ਮੁੱਖ ਮੰਤਰੀ ਦੀ ਅਗਵਾਈ ’ਚ ਮਾਵਾਂ-ਭੈਣਾਂ ’ਤੇ ਇੰਨੀ ਬੇਰਹਿਮੀ ਹੋਈ ਹੈ।

ਰਾਜਨਾਥ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਇਕ ਦਹਾਕੇ ਤੋਂ ਵੱਧ ਦੇ ਰਾਜ ਕਾਰਨ ਬੰਗਾਲ ਹੁਣ ‘ਅਪਰਾਧ ਤੇ ਫਿਰਕੂ ਤਣਾਅ’ ਦੇ ਕੇਂਦਰ ਵਜੋਂ ਬਦਨਾਮ ਹੈ।

Leave a Reply

Your email address will not be published. Required fields are marked *