
‘ਬਮ ਬਮ ਭੋਲੇ’ ਦਾ ਜਾਪ ਕਰਦੇ ਹੋਏ 1221 ਸ਼ਰਧਾਲੂਆਂ ਦਾ ਨਵਾਂ ਜੱਥਾ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਸ਼ੁੱਕਰਵਾਰ ਨੂੰ ਸ਼੍ਰੀ ਅਮਰਨਾਥ ਗੁਫਾ ਮੰਦਰ ਲਈ ਰਵਾਨਾ ਹੋ ਗਿਆ ਹੈ। ਸ਼ਰਧਾਲੂ 54 ਵਾਹਨਾਂ ਦੇ ਬੇੜੇ ਵਿੱਚ ਪਹਿਲਗਾਮ ਅਤੇ ਬਾਲਟਾਲ ਦੋਵਾਂ ਰੂਟਾਂ ਲਈ ਰਵਾਨਾ ਹੋਏ ਹਨ।ਇਸ ਦੇ ਨਾਲ ਹੀ ਬਾਲਟਾਲ ਲਈ 395 ਅਤੇ ਪਹਿਲਗਾਮ ਲਈ 826 ਸ਼ਰਧਾਲੂ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਬੇਸ ਕੈਂਪ ਤੋਂ ਰਵਾਨਾ ਹੋਏ। ਦੱਸ ਦੇਈਏ ਕਿ ਇਸ ਦੌਰਾਨ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਉਦੋਂ 4.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਮੰਦਰ ਦੇ ਦਰਸ਼ਨ ਕੀਤੇ ਸਨ। 52 ਦਿਨਾਂ ਦੀ ਅਮਰਨਾਥ ਯਾਤਰਾ 19 ਅਗਸਤ ਨੂੰ ਸਮਾਪਤ ਹੋਵੇਗੀ।