
ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਰਾਸ਼ਟਰ ਦੇ ਨਾਂਦੇੜ ‘ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਚਵਾਨ ਦੇ ਖਿਲਾਭ ਭ੍ਰਿਸ਼ਟਾਚਾਰ ਦੇ ਦੋਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਉਹ ਚਵਾਨ ਨੂੰ ਜੇਲ੍ਹ ਭੇਜਣ ਦਾ ਆਪਣਾ 10 ਸਾਲ ਪੁਰਾਣਾ ਵਾਅਦਾ ਪੂਰਾ ਕਰਨਗੇ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਨਾਂਦੇੜ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮਹਾਰਾਸ਼ਟਰ ਦੇ ਨਾਂਦੇੜ ਅਤੇ ਪਰਭਣੀ ‘ਚ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਸਾਡੇ ਸਵਾਲ ਹਨ। ਕੀ ਪ੍ਰਧਾਨ ਮੰਤਰੀ ਭਾਜਪਾ ਦੇ ਰਾਜ ਸਭਾ ਮੈਂਬਰ ਅਸ਼ੋਕ ਚਵਾਨ ਨੂੰ ਜੇਲ੍ਹ ‘ਚ ਕੈਦ ਕਰਨ ਦਾ ਆਪਣਾ ਵਾਅਦਾ ਨਿਭਾਉਣਗੇ? ਮਰਾਠਵਾੜਾ ‘ਚ ਸੋਕੇ ਅਤੇ ਪਾਣੀ ਦੀ ਘਾਟ ਨਾਲ ਨਜਿੱਠਣ ਲਈ ਭਾਜਪਾ ਕੋਲ ਕੀ ਯੋਜਨਾ ਹੈ? ਨਾਂਦੇੜ ਮੰਡਲ ‘ਚ ਭਾਰਤੀ ਰੇਲਵੇ ਇੰਨੀ ਖ਼ਰਾਬ ਸਥਿਤੀ ‘ਚ ਕਿਉਂ ਹੈ? ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ 30 ਮਾਰਚ, 2014 ਨੂੰ ਨਾਂਦੇੜ ‘ਚ ਦਿੱਤੇ ਗਏ ਆਪਣੇ ਭਾਸ਼ਣ ਦੇ ਸ਼ਬਦਾਂ ਨੂੰ ਯਾਦ ਕਰਨਾ ਚਾਹੀਦਾ ਹੈ। ਉਦੋਂ ਉਨ੍ਹਾਂ ਅਸ਼ੋਕ ਚਵਾਨ ‘ਤੇ ਤਿੱਖਾ ਹਮਲਾ ਬੋਲਿਆ ਸੀ ਜੋ ਹੁਣ ‘ਭਾਜਪਾ ਵਾਸ਼ਿੰਗ ਮਸ਼ੀਨ ਯੋਜਨਾ’ ਦੇ ਨਵੇਂ ਲਾਭਪਾਤਰੀ ਹਨ। ਪ੍ਰਧਾਨ ਮੰਤਰੀ ਨੇ ਚਵਾਨ ਨੂੰ ‘ਆਦਰਸ਼ ਉਮੀਦਵਾਰ’ ਦੱਸਿਆ ਸੀ ਅਤੇ ਕਿਹਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣੇ ਤਾਂ ਅਸ਼ੋਕ ਚਵਾਨ ਨੂੰ ‘ਛੇ ਮਹੀਨਿਆਂ ਦੇ ਅੰਦਰ’ ਜੇਲ੍ਹ ‘ਚ ਭੇਜਣਗੇ। ਚਵਾਨ ਦਾ ਨਾਂ ਮਹਾਰਾਸ਼ਟਰ ਦੇ ਬਹੁਚਰਚਿਤ ਆਦਰਸ਼ ਸੋਸਾਇਟੀ ਘੋਟਾਲੇ ‘ਚ ਆਇਆਸੀ।