
ਤਾਮਿਲਨਾਡੂ ਦੇ ਪੁਡੂਕੋਟਈ ਜ਼ਿਲੇ ਦੇ ਮਿਮਿਸਾਲ ਪਿੰਡ ‘ਚ ਸਥਿਤ ਝੀਂਗਾ ਫਾਰਮ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 111 ਕਰੋੜ ਰੁਪਏ ਤੋਂ ਵੱਧ ਦੀ ਹਸ਼ੀਸ਼ ਅਤੇ ਗਾਂਜਾ ਜ਼ਬਤ ਕੀਤਾ। ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਐਕਸ ਪੋਸਟ ਨੂੰ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸ਼੍ਰੀਲੰਕਾ ਵਿਚ ਤਸਕਰੀ ਲਈ ਵੱਡੀ ਮਾਤਰਾ ਵਿਚ ਹਸ਼ੀਸ਼ ਅਤੇ ਗਾਂਜਾ ਵਰਗੇ ਡਰੱਗਜ਼ ਝੀਂਗਾ ਫਾਰਮ ਤੋਂ ਇਕੱਠੇ ਕੀਤੇ ਗਏ ਹਨ।
ਸੂਚਨਾ ਮਿਲਣ ’ਤੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਆਸ-ਪਾਸ ਦੇ ਲੋਕਾਂ ਦੀ ਮੌਜੂਦਗੀ ’ਚ ਤਾਲਾ ਤੋੜ ਕੇ ਹਸ਼ੀਸ਼ ਅਤੇ ਗਾਂਜੇ ਨਾਲ ਭਰੀਆਂ 48 ਬੋਰੀਆਂ ਬਰਾਮਦ ਕੀਤੀਆਂ। ਨਸ਼ੀਲੇ ਪਦਾਰਥਾਂ ਨੂੰ ਨਜ਼ਦੀਕੀ ਕਸਟਮ ਦਫਤਰ ਲਿਆਂਦਾ ਗਿਆ ਸੀ। ਇਥੇ ਜਾਂਚ ਕਰਨ ਤੋਂ ਬਾਅਦ ਬੋਰੀਆਂ ਵਿਚੋਂ 110 ਕਰੋੜ ਰੁਪਏ ਦੀ 100 ਕਿਲੋਗ੍ਰਾਮ ਹਸ਼ੀਸ਼ ਅਤੇ 1.05 ਕਰੋੜ ਰੁਪਏ ਦਾ ਗਾਂਜਾ ਬਰਾਮਦ ਹੋਇਆ। ਬਰਾਮਦ ਡਰੱਗ ਨੂੰ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰਿਕ ਸਬਸਟੈਂਸ ਐਕਟ-1985 ਅਤੇ ਕਸਟਮ ਡਿਊਟੀ ਐਕਟ ਤਹਿਤ ਜ਼ਬਤ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।