
ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਬਾਰੇ ਜੇਲ੍ਹ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਆਮ ਹੈ ਅਤੇ ਉਨ੍ਹਾਂ ਦਾ ਵਜ਼ਨ ਸਥਿਰ ਹੈ। ਦਰਅਸਲ ‘ਆਪ’ ਨੇਤਾ ਆਤਿਸ਼ੀ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਕੇਜਰੀਵਾਲ ਦਾ ਵਜ਼ਨ ਤੇਜ਼ੀ ਨਾਲ ਘੱਟ ਰਿਹਾ ਹੈ, ਉਨ੍ਹਾਂ ਦਾ ਵਜ਼ਨ ਸਾਢੇ 4 ਕਿਲੋ ਘੱਟ ਗਿਆ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕੇਜਰੀਵਾਲ ਦੀ ਸਿਹਤ ਦੇ ਸਬੰਧ ਵਿਚ ਆਤਿਸ਼ੀ ਦੇ ਦਾਅਵਿਆਂ ਨੂੰ ਖਾਰਜ ਕੀਤਾ ਹੈ। ਤਿਹਾੜ ਜੇਲ੍ਹ ਵਿਚ ਸੀਨੀਅਰ ਜੇਲ੍ਹ ਅਧਿਕਾਰੀ ਨੇ ਕਿਹਾ ਕਿ 1 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਦੀ ਦੋ ਡਾਕਟਰਾਂ ਵਲੋਂ ਜਾਂਚ ਕੀਤੀ ਗਈ ਅਤੇ ਸਾਰੇ ਮਹੱਤਵਪੂਰਨ ਚੀਜ਼ਾਂ ਆਮ ਸੀ। ਨਾਲ ਹੀ ਜੇਲ੍ਹ ਆਉਣ ਮਗਰੋਂ ਅੱਜ ਤੱਕ ਉਨ੍ਹਾਂ ਦਾ ਵਜ਼ਨ 65 ਕਿਲੋਗ੍ਰਾਮ ‘ਤੇ ਸਥਿਰ ਹੈ। ਕੋਰਟ ਦੇ ਹੁਕਮ ਮੁਤਾਬਕ ਘਰ ਦਾ ਬਣਿਆ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਕੇਜਰੀਵਾਲ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿਚ ਈਡੀ ਨੇ ਗ੍ਰਿਫ਼ਤਾਰ ਕੀਤਾ। ਉਹ ਤਿਹਾੜ ਜੇਲ੍ਹ ਨੰਬਰ-2 ਵਿਚ ਬੰਦ ਹਨ। ਜੇਲ੍ਹ ਨੰਬਰ-2 ‘ਤੇ ਸੁਰੱਖਿਆ ਕਰਮੀਆਂ ਦਾ ਸਖ਼ਤ ਪਹਿਰਾ ਹੈ। ਕੇਜਰੀਵਾਲ ਹਫਤੇ ਵਿਚ ਦੋ ਵਾਰ ਪਰਿਵਾਰ ਦੇ ਮੈਂਬਰਾਂ ਨੂੰ ਵੀ ਮਿਲ ਸਕਦੇ ਹਨ। ਕੇਜਰੀਵਾਲ ਸ਼ੂਗਰ ਤੋਂ ਪੀੜਤ ਹਨ, ਇਸ ਲਈ ਉਨ੍ਹਾਂ ਦੀ ਨਿਯਮਿਤ ਸਿਹਤ ਜਾਂਚ ਪ੍ਰਦਾਨ ਕੀਤੀ ਜਾਵੇਗੀ।