
ਨਵੀਂ ਦਿੱਲੀ – ਕੇਂਦਰ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾ ਰਹੀ ਹੈ। ਸਰਕਾਰ ਨੇ 100 ਦਵਾਈਆਂ ਦੀਆਂ ਕੀਮਤਾਂ ਘਟਾਈਆਂ ਹਨ। ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਨੇ 69 ਨਵੇਂ ਫਾਰਮੂਲੇ ਦੀਆਂ ਪ੍ਰਚੂਨ ਕੀਮਤਾਂ ਅਤੇ 31 ਦੀ ਸੀਲਿੰਗ ਕੀਮਤ ਤੈਅ ਕੀਤੀ ਹੈ। ਜਿਨ੍ਹਾਂ ਦਵਾਈਆਂ ਦੀਆਂ ਕੀਮਤਾਂ ਘਟਣਗੀਆਂ ਉਨ੍ਹਾਂ ਵਿਚ ਕੋਲੈਸਟ੍ਰੋਲ, ਸ਼ੂਗਰ ਦਰਦ, ਬੁਖ਼ਾਰ ਕੈਲਸ਼ਿਅਮ, ਵਿਟਾਮਿਨ ਡੀ ਅਤੇ ਜ਼ਹਿਰ ਵਿਰੋਧੀ ਦਵਾਈਆਂ ਸਮੇਤ 100 ਦਵਾਈਆਂ ਸ਼ਾਮਲ ਹਨ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਦਾ ਅਸਰ ਕੈਡਿਲਾ, ਸਨ ਫਾਰਮਾ, ਅਲਕੇਮ ਲੈਬਜ਼, ਟੋਰੈਂਟ ਫਾਰਮਾ, ਸਿਪਲਾ, ਲੂਪਿਨ, ਮੈਨਕਾਈਂਡ ਵਰਗੀਆਂ ਕੰਪਨੀਆਂ ‘ਤੇ ਪਵੇਗਾ।
ਸ਼ੂਗਰ ਅਤੇ ਕੋਲੈਸਟ੍ਰੋਲ ਦੀਆਂ ਦਵਾਈਆਂ ਲੰਬੇ ਸਮੇਂ ਤੱਕ ਚਲਦੀਆਂ ਹਨ। ਅਜਿਹੇ ‘ਚ ਇਨ੍ਹਾਂ ਦੀਆਂ ਕੀਮਤਾਂ ‘ਚ ਕਮੀ ਨਾਲ ਰਾਹਤ ਮਿਲੇਗੀ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਦਰਦ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ। ਓਪਰੇਸ਼ਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵੀ ਘਟਾਈਆਂ ਗਈਆਂ ਹਨ ਜੋ ਜ਼ਿਆਦਾ ਖੂਨ ਵਹਿਣ ਨੂੰ ਰੋਕਣ ਵਿੱਚ ਮਦਦ ਕਰਦੀਆਂ ਹਨ। ਇਸ ਤੋਂ ਇਲਾਵਾ ਸੱਪ ਦੇ ਡੱਸਣ ‘ਤੇ ਦਿੱਤੀ ਜਾਣ ਵਾਲੀ ਦਵਾਈ ਐਂਟੀਵੇਨਮ ਦੀ ਕੀਮਤ ਵੀ ਘੱਟ ਜਾਵੇਗੀ। ਇਸ ਦੇ ਨਾਲ ਹੀ ਬੁਖਾਰ, ਇਨਫੈਕਸ਼ਨ, ਕੈਲਸ਼ੀਅਮ ਦੀਆਂ ਗੋਲੀਆਂ, ਵਿਟਾਮਿਨ ਡੀ 3 ਦੀ ਦਵਾਈ, ਬੱਚਿਆਂ ਦੀ ਐਂਟੀਬਾਇਓਟਿਕਸ ਆਦਿ ਵਰਗੀਆਂ ਦਵਾਈਆਂ ਦੀਆਂ ਕੀਮਤਾਂ ‘ਚ ਵੀ ਕਟੌਤੀ ਹੋਵੇਗੀ। ਨੋਟੀਫਿਕੇਸ਼ਨ ਮੁਤਾਬਕ ਡੀਲਰ ਨੈੱਟਵਰਕ ਨੂੰ ਵੀ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਦੇਣੀ ਹੋਵੇਗੀ। ਕੰਪਨੀਆਂ ਨਿਸ਼ਚਿਤ ਕੀਮਤ ‘ਤੇ GST ਤਾਂ ਹੀ ਇਕੱਠਾ ਕਰ ਸਕਦੀਆਂ ਹਨ ਜੇਕਰ ਇਸਦਾ ਭੁਗਤਾਨ ਕੀਤਾ ਗਿਆ ਹੋਵੇ।