
ਰੂਸ-ਯੂਕ੍ਰੇਨ ਯੁੱਧ ਦੇ 2 ਸਾਲ ਪੂਰੇ ਹੋਣ ‘ਤੇ ਸ਼ਨੀਵਾਰ ਨੂੰ ਯੂਰਪੀ ਸੰਘ ਦੇ ਕਈ ਨੇਤਾਵਾਂ ਨੇ ਕੀਵ ਲਈ ਸਮਰਥਨ ਜ਼ਾਹਰ ਕਰਨ ਲਈ ਯੂਕ੍ਰੇਨ ਦਾ ਦੌਰਾ ਕੀਤਾ। ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਤੋਂ ਇਲਾਵਾ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ, ਬੈਲਜੀਅਮ ਦੇ ਪ੍ਰਧਾਨ ਮੰਤਰੀ ਅਲੈਗਜ਼ੈਂਡਰ ਡੀ ਕਰੂ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੀਵ ਪੁੱਜੇ। ਇਹ ਸਾਰੇ ਨੇਤਾ ਰੇਲ ਮਾਰਗ ਰਾਹੀਂ ਇਕੱਠੇ ਇੱਥੇ ਆਏ।
ਇਨ੍ਹਾਂ ਨੇਤਾਵਾਂ ਦੇ ਯੂਕ੍ਰੇਨ ਪਹੁੰਚਣ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਰੂਸੀ ਡਰੋਨ ਹਮਲੇ ‘ਚ ਓਡੇਸਾ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ਨੂੰ ਨੁਕਸਾਨੀ ਗਈ। ਸਥਾਨਕ ਗਵਰਨਰ ਓਲੇਹ ਕਿਪਰ ਨੇ ਕਿਹਾ ਕਿ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 3 ਔਰਤਾਂ ਜ਼ਖ਼ਮੀ ਹੋ ਗਈਆਂ ਹਨ। ਯੂਰਪੀਅਨ ਯੂਨੀਅਨ ਦੇ ਨੇਤਾ 2 ਸਾਲਾਂ ਤੋਂ ਚੱਲ ਰਹੇ ਯੁੱਧ ਦਾ ਸਾਹਮਣਾ ਕਰ ਰਹੇ ਯੂਕ੍ਰੇਨ ਨਾਲ ਇਕਜੁਟਤਾ ਦਿਖਾਉਣ ਲਈ ਕੀਵ ਦੀ ਯਾਤਰਾ ਕਰ ਰਹੇ ਹਨ। ਕੀਵ ਪਹੁੰਚਣ ‘ਤੇ, ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ‘ਐਕਸ’ ‘ਤੇ ਕਿਹਾ, “ਅਸੀਂ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤੀ ਨਾਲ ਯੂਕ੍ਰੇਨ ਦੇ ਨਾਲ ਖੜ੍ਹੇ ਹਾਂ। ਜੰਗ ਜਾਰੀ ਰਹਿਣ ਤੱਕ ਅਸੀਂ ਆਰਥਿਕ, ਫੌਜੀ, ਨੈਤਿਕ ਤੌਰ ‘ਤੇ ਕੀਵ ਨਾਲ ਹਾਂ।”