
ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਦੀਆਂ ਦੋ ਜੁੜਵਾ ਭੈਣਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਵੁਕ ਕਰ ਦੇਣ ਵਾਲੀ ਚਿੱਠੀ ਲਿਖੀ ਹੈ। 7ਵੀਂ ਜਮਾਤ ਵਿਚ ਪੜ੍ਹਨ ਵਾਲੀਆਂ 12 ਸਾਲ ਦੀਆਂ ਜੁੜਵਾ ਭੈਣਾਂ ਅਰਚਨਾ ਅਤੇ ਅਰਚਿਤਾ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ ਪਰਿਵਾਰ ਦੀ ਡਰਾਈਂਗ ਬਣਾ ਕੇ ਆਪਣੀ ਪਰੇਸ਼ਾਨੀ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਚਿੱਠੀ ਵਿਚ ਲਿਖਿਆ ਕਿ ਮੰਮੀ-ਪਾਪਾ ਦੀ ਬਹੁਤ ਯਾਦ ਆਉਂਦੀ ਹੈ, ਕ੍ਰਿਪਾ ਕਰ ਕੇ ਉਨ੍ਹਾਂ ਦਾ ਟਰਾਂਸਫਰ ਸਾਡੇ ਕੋਲ ਕਰ ਦਿਓ। ਇਹ ਚਿੱਠੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਦੋਵੇਂ ਭੈਣਾਂ ਨੇ ਚਿੱਠੀ ‘ਚ ਲਿਖਿਆ ਹੈ- ਮੇਰਾ ਨਾਮ ਅਰਚਿਤਾ ਅਤੇ ਮੇਰੀ ਭੈਣ ਦਾ ਨਾਮ ਅਰਚਨਾ ਹੈ। ਅਸੀਂ ਦੋਵੇਂ 12 ਸਾਲ ਦੀਆਂ ਹਾਂ। ਅਸੀਂ ਦੋਵੇਂ ਦਿੱਲੀ ਪਬਲਿਕ ਸਕੂਲ, ਬਾਂਦੀਕੁਈ ਵਿਚ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਾਂ। ਪਿਤਾ ਦਾ ਨਾਮ ਦੇਵਪਾਲ ਮੀਨਾ ਅਤੇ ਮਾਤਾ ਦਾ ਨਾਮ ਹੇਮਲਤਾ ਕੁਮਾਰੀ ਮੀਨਾ ਹੈ। ਸਾਡੇ ਪਿਤਾ ਪੰਚਾਇਤ ਸਮਿਤੀ ਚੌਹਾਟਾਨ ਵਿਚ ਸਹਾਇਕ ਲੇਖਾ ਅਫਸਰ ਵਜੋਂ ਕੰਮ ਕਰਦੇ ਹਨ ਅਤੇ ਸਾਡੀ ਮਾਤਾ ਸਰਕਾਰੀ ਹਾਇਰ ਸੈਕੰਡਰੀ ਸਕੂਲ, ਦੇਵਦਾ ਬਲਾਕ, ਸਮਦੀ (ਬਲੋਤਰਾ) ਵਿਚ ਅਧਿਆਪਕ (ਲੈਵਲ-2, ਵਿਸ਼ਾ- ਹਿੰਦੀ) ਵਜੋਂ ਵਰਕਰ ਹੈ।
ਅਸੀਂ ਦੋਵੇਂ ਭੈਣਾਂ ਆਪਣੇ ਮਾਤਾ-ਪਿਤਾ ਨੂੰ ਬਹੁਤ ਯਾਦ ਕਰਦੀਆਂ ਹਾਂ ਅਤੇ ਸਾਨੂੰ ਉਨ੍ਹਾਂ ਤੋਂ ਬਿਨਾਂ ਪੜ੍ਹਾਈ ਕਰਨਾ ਵੀ ਚੰਗਾ ਨਹੀਂ ਲੱਗਦਾ। ਅਸੀਂ ਦੋਵੇਂ ਚਾਹੁੰਦੀਆਂ ਹਾਂ ਕਿ ਸਾਡੇ ਮਾਤਾ-ਪਿਤਾ ਦਾ ਤਬਾਦਲਾ ਜੈਪੁਰ ਹੋ ਜਾਵੇ। ਅਸੀਂ ਆਪਣੇ ਮਾਪਿਆਂ ਨਾਲ ਰਹਿਣਾ ਚਾਹੁੰਦੀਆਂ ਹਾਂ। ਅਸੀਂ ਤੁਹਾਡੀਆਂ ਕਈ ਮੁਹਿੰਮਾਂ ਨੂੰ ਸੁਣਿਆ ਅਤੇ ਦੇਖਿਆ ਹੈ ਜਿਵੇਂ – ਬੇਟੀ ਬਚਾਓ, ਬੇਟੀ ਪੜ੍ਹਾਓ, ਸੁਕੰਨਿਆ ਸਮ੍ਰਿਧੀ ਯੋਜਨਾ ਆਦਿ। ਸਾਨੂੰ ਉਸ ਤੋਂ ਬਹੁਤ ਪ੍ਰੇਰਨਾ ਮਿਲੀ ਹੈ। ਅਸੀਂ ਵੀ ਆਪਣੇ ਮਾਪਿਆਂ ਦੇ ਨਾਲ ਰਹਿਣਾ ਹੈ ਅਤੇ ਉਨ੍ਹਾਂ ਦਾ ਨਾਂ ਰੋਸ਼ਨ ਕਰਨਾ ਹੈ। ਕਿਰਪਾ ਕਰਕੇ ਸਾਡੇ ਮਾਪਿਆਂ ਦਾ ਤਬਾਦਲਾ ਕਰਵਾਓ।