
ਕੇਰਲ ਦੇ ਕਈ ਹਿੱਸਿਆਂ ‘ਚ ਮੰਗਲਵਾਰ ਯਾਨੀ ਕਿ ਅੱਜ ਤੇਜ਼ ਹਵਾਵਾਂ ਦੇ ਨਾਲ ਲਗਾਤਾਰ ਪੈ ਰਹੇ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕੋਚੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ‘ਚ ਕਈ ਤੰਗ ਗਲੀਆਂ ਅਤੇ ਵਿਅਸਤ ਸੜਕਾਂ ਪਾਣੀ ‘ਚ ਡੁੱਬ ਗਈਆਂ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ। ਮੀਂਹ ਤੋਂ ਬਾਅਦ ਹਾਈਵੇਅ ‘ਤੇ ਵਾਹਨ ਬਹੁਤ ਹੌਲੀ ਰਫ਼ਤਾਰ ਨਾਲ ਚਲਦੇ ਦੇਖੇ ਗਏ।
ਤਿਰੂਵਨੰਤਪੁਰਮ ਤੋਂ ਲਗਭਗ 30 ਕਿਲੋਮੀਟਰ ਦੂਰ ਮੁਥਲਾਪੋਜ਼ੀ ਮੱਛੀ ਫੜਨ ਵਾਲੇ ਪਿੰਡ ਦੇ ਤੱਟ ‘ਤੇ ਕਿਸ਼ਤੀ ਪਲਟਣ ਦੀਆਂ ਦੋ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਅੱਜ ਸਵੇਰੇ ਵਾਪਰੀ ਇਕ ਘਟਨਾ ‘ਚ ਤੇਜ਼ ਲਹਿਰਾਂ ਕਾਰਨ ਇਕ ਮਛੇਰੇ ਦੀ ਕਿਸ਼ਤੀ ਪਲਟ ਜਾਣ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਤਿੰਨ ਹੋਰ ਲੋਕ ਵੀ ਸਮੁੰਦਰ ਵਿਚ ਡਿੱਗ ਗਏ ਸਨ, ਜਿਨ੍ਹਾਂ ਨੂੰ ਬਚਾਇਆ ਗਿਆ ਅਤੇ ਨੇੜਲੇ ਹਸਪਤਾਲ ਲਿਜਾਇਆ ਗਿਆ।