ਭਾਜਪਾ ਨੇ ਖੋਲ੍ਹੇ ਆਪਣੇ ਦਰਵਾਜ਼ੇ , ਹੋਰਨਾਂ ਪਾਰਟੀਆਂ ਦੇ 12 ਸੰਸਦ ਮੈਂਬਰ ਤੇ 40 ਤੋਂ ਵੱਧ ਵਿਧਾਇਕ ਉਡੀਕ ’ਚ

ਨਵੀਂ ਦਿੱਲੀ- ਮਈ ’ਚ ਹੋਣ ਵਾਲੀਆਂ ਚੋਣਾਂ ਦੌਰਾਨ ਲੋਕ ਸਭਾ ਦੀਆਂ 543 ’ਚੋਂ 370 ਸੀਟਾਂ ਜਿੱਤਣ ਦੇ ਆਪਣੇ ਨਿਸ਼ਾਨੇ ਨੂੰ ਹਾਸਲ ਕਰਨ ਲਈ ਭਾਜਪਾ ਚੁਣ-ਚੁਣ ਕੇ ਹੋਰ ਪਾਰਟੀਆਂ ਨਾਲ ਜੁੜੇ ਨੇਤਾਵਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਰਹੀ ਹੈ। ਭਾਜਪਾ ਨੇ ਅਜਿਹੀਆਂ 161 ਲੋਕ ਸਭਾ ਸੀਟਾਂ ਦੀ ਪਛਾਣ ਕੀਤੀ ਹੈ ਜੋ ਉਹ ਜਿੱਤਣਾ ਚਾਹੁੰਦੀ ਹੈ ਪਰ ਪਹਿਲਾਂ ਉਸ ਨੇ ਕਦੇ ਨਹੀਂ ਜਿੱਤੀਆਂ।

ਪਿਛਲੀਆਂ ਲੋਕ ਸਭਾ ਚੋਣਾਂ ਦੀ ‘ਡਾਟਾ-ਕ੍ਰਚਿੰਗ’ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਨੂੰ ਇਨ੍ਹਾਂ ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਹੋਰਨਾਂ ਪਾਰਟੀਆਂ ਦੇ ਆਗੂਆਂ ਦੀ ਮਦਦ ਦੀ ਲੋੜ ਪਏਗੀ। ਇਸ ਲਈ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਦਾਖ਼ਲੇ ’ਤੇ ਨਜ਼ਰ ਰੱਖਣ ਲਈ 4 ਮੈਂਬਰੀ ਉੱਚ ਤਾਕਤੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਉਨ੍ਹਾਂ ਦੇ ਦਾਖਲੇ ਨੂੰ ਹਰੀ ਝੰਡੀ ਦੇਣ ਲਈ ਦਿਨ-ਰਾਤ ਕੰਮ ਕਰ ਰਹੀ ਹੈ।

ਕਮੇਟੀ ’ਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ, ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ, ਮਹਾਰਾਸ਼ਟਰ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਜਨਰਲ ਸਕੱਤਰ (ਸੰਗਠਨ) ਬੀ. ਐੱਲ. ਸੰਤੋਸ਼ ਸ਼ਾਮਲ ਹਨ। ਅਜਿਹੀਆਂ ਖਬਰਾਂ ਹਨ ਕਿ ਅਗਲੇ 3 ਹਫਤਿਆਂ ਅੰਦਰ ਲਗਭਗ ਇੱਕ ਦਰਜਨ ਕਾਂਗਰਸੀ ਸੰਸਦ ਮੈਂਬਰ, 40 ਵਿਧਾਇਕ ਤੇ ਹੋਰ ਪ੍ਰਮੁੱਖ ਨੇਤਾ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਕਮੇਟੀ ਦਾ ਧਿਆਨ ਉਨ੍ਹਾਂ ਸੂਬਿਆਂ ’ਤੇ ਹੈ ਜਿੱਥੇ ਭਾਜਪਾ ਦੀ ਮਜ਼ਬੂਤ ​​ਮੌਜੂਦਗੀ ਹੈ। ਫਿਰ ਵੀ ਉਹ ਉਨ੍ਹਾਂ ਸੀਟਾਂ ਨੂੰ ਜਿੱਤਣਾ ਚਾਹੁੰਦੀ ਹੈ ਜਿੱਥੇ ਉਹ ਕਮਜ਼ੋਰ ਸਥਿਤੀ ’ਚ ਹੈ। ਮਹਾਰਾਸ਼ਟਰ, ਅਾਸਾਮ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਮੱਧ ਪ੍ਰਦੇਸ਼ ਵਰਗੇ ਸੂਬੇ ਭਾਜਪਾ ਦੀ ਝੋਲੀ ’ਚ ਹੋਰ ਸੀਟਾਂ ਪਾਉਣ ਲਈ ਰਾਡਾਰ ’ਤੇ ਹਨ। ਕਮੇਟੀ ਦਾ ਫੋਕਸ ਵਿਸ਼ੇਸ਼ ਤੌਰ ’ਤੇ ਪੰਜਾਬ ’ਤੇ ਹੈ ਜਿੱਥੇ ਉਹ ਮਹਿਸੂਸ ਕਰਦੀ ਹੈ ਕਿ ਜੇ ਸਹੀ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਪਾਰਟੀ ਸਾਰੀਆਂ 13 ਸੀਟਾਂ ਜਿੱਤ ਸਕਦੀ ਹੈ। ਇਸ ਵਿੱਚ ਕਾਂਗਰਸ ’ਚੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਸ਼ਾਮਲ ਕੀਤਾ ਜਾ ਚੁਕਾ ਹੈ। ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਵਿਸ਼ੇਸ਼ ਫੋਕਸ ਵਿੱਚ ਹਨ। ਇੱਥੇ ਭਾਜਪਾ ਟੀ. ਡੀ.ਪੀ. ਅਤੇ ਹੋਰ ਖੇਤਰੀ ਪਾਰਟੀਆਂ ਨਾਲ ਗੱਠਜੋੜ ਕਰ ਕੇ ਘੱਟੋ ਘੱਟ 15 ਸੀਟਾਂ ਜਿੱਤ ਸਕਦੀ ਹੈ। ਹੋਰਨਾਂ ਦੱਖਣੀ ਸੂਬਿਆਂ ’ਚ ਭਾਜਪਾ ਦਾ ਟੀਚਾ 10 ਤੋਂ ਵੱਧ ਸੀਟਾਂ ਜਿੱਤਣ ਦਾ ਹੈ।

Leave a Reply

Your email address will not be published. Required fields are marked *