
ਜਿੱਥੇ ਉਸਦੀ ਉਮਰ ਦੇ ਜ਼ਿਆਦਾਤਰ ਬੱਚੇ ‘ਪੈਪਾ ਪਿੱਗ’ ਜਾਂ ‘ਛੋਟਾ ਭੀਮ’ ਵਰਗੇ ਕਾਰਟੂਨਾਂ ਨੂੰ ਦੇਖਣ ਜਾਂ ਸਿਰਫ ਖਿਡਾਉਣਿਆਂ ਨਾਲ ਖੇਡਣ ਵਿਚ ਰੁੱਝੇ ਰਹਿੰਦੇ ਹਨ, ਉੱਥੇ ਹੀ, ਅਨੀਸ਼ ਸਰਕਾਰ ਸ਼ਤਰੰਜ ਦੀ ਬਿਸਾਤ ’ਤੇ ਆਪਣਾ ਦਿਮਾਗ ਦੌੜਾਉਂਦਾ ਹੈ, ਜਿਸ ਨਾਲ ਸ਼ੁੱਕਰਵਾਰ ਨੂੰ ਉਸ ਨੇ ਇਕ ਨਵਾਂ ਰਿਕਾਰਡ ਵੀ ਸਥਾਪਤ ਕਰ ਦਿੱਤਾ।
ਉੱਤਰੀ ਕੋਲਕਾਤਾ ਵਿਚ ਰਹਿਣ ਵਾਲਾ ਅਨੀਸ਼ ਸਿਰਫ 3 ਸਾਲ, 8 ਮਹੀਨੇ ਤੇ 19 ਦਿਨ ਦੀ ਉਮਰ ਵਿਚ ਫਿਡੇ ਰੇਟਿੰਗ ਹਾਸਲ ਕਰਨ ਵਾਲਾ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਅਨੀਸ਼ ਦਾ ਜਨਮ 26 ਜਨਵਰੀ 2021 ਨੂੰ ਹੋਇਆ ਸੀ। ਉਸ ਨੇ ਅਕਤੂਬਰ ਵਿਚ ਪੱਛਮੀ ਬੰਗਾਲ ਅੰਡਰ-9 ਓਪਨ ਪ੍ਰਤੀਯੋਗਿਤਾ ਰਾਹੀਂ ਮੁਕਾਬਲੇਬਾਜ਼ੀ ਸ਼ਤਰੰਜ ਵਿਚ ਡੈਬਿਊ ਕੀਤਾ ਸੀ। ਇਸ ਨੌਜਵਾਨ ਖਿਡਾਰੀ ਨੇ ਆਪਣੀ ਪਹਿਲੀ ਪ੍ਰਤੀਯੋਗਿਤਾ ਵਿਚ ਹੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਸੰਭਾਵਿਤ 8 ਵਿਚੋਂ 5.5 ਅੰਕ ਹਾਸਲ ਕੀਤੇ।