
ਹਿਮਾਚਲ ਪ੍ਰਦੇਸ਼ ‘ਚ ਐਤਵਾਰ ਤੋਂ ਜਾਰੀ ਮੋਹਲੇਧਾਰ ਮੀਂਹ ਪੈਣ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹ ਦੀ ਸਥਿਤੀ ਪੈਦਾ ਹੋ ਗਈ, ਜਿਸ ਕਾਰਨ 4 ਨੈਸ਼ਨਲ ਹਾਈਵੇਅ ਸਮੇਤ 338 ਸੜਕਾਂ ਬੰਦ ਹੋ ਗਈਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਊਨਾ ਦੇ ਕਈ ਇਲਾਕੇ ਡੁੱਬ ਗਏ ਹਨ। ਉਨ੍ਹਾਂ ਕਿਹਾ ਕਿ ਕੁੱਲੂ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿਚ 31 ਜੁਲਾਈ ਨੂੰ ਆਏ ਹੜ੍ਹ ਤੋਂ ਬਾਅਦ ਲਾਪਤਾ ਹੋਏ ਕਰੀਬ 30 ਲੋਕਾਂ ਨੂੰ ਲੱਭਣ ਲਈ ਬਚਾਅ ਕਾਰਜ ਚਲਾਏ ਜਾ ਰਹੇ ਹਨ ਪਰ ਕੋਈ ਵੱਡੀ ਸਫ਼ਲਤਾ ਨਹੀਂ ਮਿਲੀ ਹੈ।
ਉਨ੍ਹਾਂ ਦੱਸਿਆ ਕਿ 27 ਜੂਨ ਤੋਂ 9 ਅਗਸਤ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ‘ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੂਬੇ ਨੂੰ ਕਰੀਬ 842 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਸ਼ਿਮਲਾ ਵਿਚ 104, ਮੰਡੀ ਵਿਚ 71, ਸਿਰਮੌਰ ਵਿਚ 58, ਚੰਬਾ ਵਿਚ 55, ਕੁੱਲੂ ਵਿਚ 26, ਸੋਲਨ ਅਤੇ ਲਾਹੌਲ ਸਪੀਤੀ ਵਿਚ 7-7, ਕਿਨੌਰ ਵਿਚ 5, ਕਾਂਗੜਾ ਵਿਚ 4 ਅਤੇ ਬਿਲਾਸਪੁਰ ਜ਼ਿਲ੍ਹੇ ਵਿਚ ਇਕ ਸੜਕ ਬੰਦ ਹੈ। ਪੂਰੇ ਸੂਬੇ ਵਿਚ 338 ਸੜਕਾਂ ਬੰਦ ਹਨ।