
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵੀਰਵਾਰ ਯਾਨੀ ਕਿ ਅੱਜ ਅਹਿਮ ਪ੍ਰੈੱਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿਚ ਪਾਰਟੀ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੇ ਕਿਹਾ ਕਿ ਚੋਣ ਬਾਂਡ ਦਾ ਮੁੱਦਾ ਬਹੁਤ ਗੰਭੀਰ ਹੈ, ਇਹ ਲੋਕਤੰਤਰ ‘ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਲੋਕਾਂ ਤੋਂ ਇਕੱਠਾ ਕੀਤੇ ਗਏ ਪੈਸਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ। ਇਸ ਚੁਣੌਤੀਪੂਰਨ ਸਥਿਤੀ ਵਿਚ ਵੀ ਅਸੀਂ ਆਪਣੇ ਵਲੋਂ ਚੋਣ ਪ੍ਰਚਾਰ ਦੀ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਾਂ। ਮੁੱਖ ਵਿਰੋਧੀ ਧਿਰ ਦੀ ਪਾਰਟੀ ਕਾਂਗਰਸ ‘ਤੇ ਜਾਣਬੁੱਝ ਕੇ ਹਮਲਾ ਕੀਤਾ ਜਾ ਰਿਹਾ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਬੈਂਕ ਖਾਤਿਆਂ ਨੂੰ ਫਰੀਜ਼ ਨਹੀਂ ਕੀਤਾ ਗਿਆ, ਸਗੋਂ ਭਾਰਤ ਦੇ ਲੋਕਤੰਤਰ ਨੂੰ ਫ੍ਰੀਜ਼ ਕੀਤਾ ਜਾ ਰਿਹਾ ਹੈ। ਸਾਜ਼ਿਸ਼ ਤਹਿਤ ਬੈਂਕ ਅਕਾਊਂਟ ਫ੍ਰੀਜ਼ ਕੀਤੇ ਗਏ ਹਨ। ਇਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸਾਡੇ ਖਿਲਾਫ ਅਪਰਾਧਕ ਐਕਸ਼ਨ ਹੈ। ਇਕ ਮਹੀਨੇ ਪਹਿਲਾਂ ਕਾਂਗਰਸ ਦੇ ਸਾਰੇ ਅਕਾਊਂਟ ਫ੍ਰੀਜ਼ ਕਰ ਦਿੱਤੇ ਗਏ। ਜੇਕਰ ਕਿਸੇ ਵੀ ਪਰਿਵਾਰ ਦੇ ਅਕਾਊਂਟ ਫ੍ਰੀਜ਼ ਕਰ ਦੇਣਗੇ ਤਾਂ ਉਹ ਭੁੱਖ ਮਰ ਜਾਣਗੇ ਪਰ ਸਾਡੇ ਅਕਾਊਂਟ ਫਰੀਜ਼ ਹੋਣ ‘ਤੇ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਚੋਣ ਕਮਿਸ਼ਨ ਤੋਂ ਲੈ ਕੇ ਸਾਰੇ ਚੁੱਪ ਹਨ। 20 ਫ਼ੀਸਦੀ ਭਾਰਤ ਸਾਡੇ ਲਈ ਵੋਟ ਕਰਦਾ ਹੈ ਪਰ ਅਸੀਂ ਦੋ ਰੁਪਏ ਨਹੀਂ ਦੇ ਸਕਦੇ। ਅਸੀਂ ਚੋਣ ਪ੍ਰਚਾਰ ਨਹੀਂ ਕਰ ਸਕਦੇ। ਸਾਡੇ ਨੇਤਾ ਫਲਾਈਟ ਤੋਂ ਨਹੀਂ ਜਾ ਸਕਦੇ, ਇੱਥੋਂ ਤੱਕ ਕਿ ਰੇਲ ਤੋਂ ਵੀ ਨਹੀਂ ਜਾ ਸਕਦੇ। ਬੀਤੇ ਦੋ ਮਹੀਨੇ ਤੋਂ ਇਹ ਹੀ ਕੀਤਾ ਜਾ ਰਿਹਾ ਹੈ। ਸਾਡੀ ਪੂਰੀ ਵਿੱਤੀ ਪਛਾਣ ਢਹਿ-ਢੇਰੀ ਕਰ ਦਿੱਤੀ ਗਈ ਹੈ। ਇਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵਲੋਂ ਕੀਤਾ ਜਾ ਰਿਹਾ ਹੈ। ਅੱਜ ਭਾਰਤ ਵਿਚ ਕੋਈ ਲੋਕਤੰਤਰ ਨਹੀਂ ਹੈ। ਭਾਰਤ ਦਾ ਲੋਕਤੰਤਰ ਝੂਠ ਦਾ ਪੁਲੰਦਾ ਹੈ।