
ਪੰਜਾਬ ਅੰਦਰ ਆਯੁਸ਼ਮਾਨ ਯੋਜਨਾ ਕਾਰਡ ’ਤੇ ਹੋਣ ਵਾਲਾ ਇਲਾਜ ਹੁਣ ਹੋਰ ਵੀ ਔਖਾ ਹੋ ਗਿਆ ਹੈ ਕਿਉਂਕਿ ਹਰ ਜ਼ਿਲ੍ਹੇ ਅੰਦਰ ਦਰਜਨਾਂ ਲੋਕ ਅਣ-ਅਧਿਕਾਰਤ ਤੌਰ ’ਤੇ ਬਣਵਾਏ ਗਏ ਕਾਰਡ ਚੁੱਕੀ ਫਿਰ ਰਹੇ ਹਨ, ਜਿਨ੍ਹਾਂ ਦੀ ਪੜਤਾਲ ਹੋਣੀ ਸ਼ੁਰੂ ਹੋ ਗਈ ਹੈ। ਅਣ-ਅਧਿਕਾਰਤ ਆਯੁਸ਼ਮਾਨ ਕਾਰਡਾਂ ਰਾਹੀਂ ਹੋ ਚੁੱਕੇ ਇਲਾਜ ਦੀ ਬਣਦੀ ਰਕਮ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਭਰਵਾਈ ਜਾ ਰਹੀ ਹੈ। ਇੱਥੋਂ ਤੱਕ ਕਿ ਹੁਣ ਕਾਰਡ ਰਾਹੀਂ ਇਲਾਜ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਜਾਂਚ ਵੀ ਕੀਤੀ ਜਾਣ ਲੱਗ ਪਈ ਹੈ। ਆਰ. ਟੀ. ਆਈ. ਮਾਹਿਰ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਪੰਜਾਬ ’ਚ ਸਿਹਤ ਬੀਮਾ ਯੋਜਨਾ ਵਾਲੇ ਅਣ-ਅਧਿਕਾਰਤ ਆਯੂਸ਼ਮਾਨ ਕਾਰਡ ਬਣਾਏ ਜਾਣ ਦਾ ਕਾਲਾ ਧੰਦਾ ਵੱਡੀ ਪੱਧਰ ’ਤੇ ਚੱਲ ਰਿਹਾ ਹੈ। ਵੱਡੀ ਗਿਣਤੀ ’ਚ ਕੰਪਿਊਟਰ ਸੈਂਟਰਾਂ ’ਚ ਹਜ਼ਾਰਾਂ ਰੁਪਏ ਲੈ ਕੇ ਅਜਿਹੇ ਕਾਰਡ ਬਣਾਏ ਜਾ ਰਹੇ ਹਨ ਪਰ ਮਾਨਤਾ ਪ੍ਰਾਪਤ ਇਲਾਜ ਵਾਲੇ ਹਸਪਤਾਲਾਂ ’ਚ ਕਾਰਡ ਚਲਾਉਣ ’ਤੇ ਠੱਗੀ ਦਾ ਜਾਲ ਸਾਹਮਣੇ ਆ ਰਿਹਾ ਹੈ ਕਿਉਂਕਿ ਆਯੁਸ਼ਮਾਨ ਕਾਰਡ ਬਣਵਾਉਣ ਲਈ ਰੱਖੀਆਂ ਗਈਆਂ ਸ਼ਰਤਾਂ ਦੇ ਉਲਟ ਮੋਟੀਆਂ ਰਕਮਾਂ ਵਸੂਲ ਕੇ ਇਹ ਕਾਰਡ ਬਣਾਏ ਜਾਂਦੇ ਹਨ।