
ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸਾਬਕਾ ਸੰਸਦ ਮੈਂਬਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਇਸ ਸੀਟ ਤੋਂ ਭਾਜਪਾ ਦੀ ਟਿਕਟ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਸੀ, ਪਰ ਭਾਜਪਾ ਨੇ ਇਸ ਸੀਟ ਤੋਂ ਦਿਨੇਸ਼ ਬੱਬੂ ਨੂੰ ਮੈਦਾਨ ’ਚ ਉਤਾਰ ਦਿੱਤਾ। ਇਸ ਮਗਰੋਂ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਇਸ ਸੀਟ ’ਤੇ ਉਮੀਦਵਾਰ ਬਣਾਏ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਅਸਲ ’ਚ ਕਵਿਤਾ ਨੂੰ ਹਾਲ ਹੀ ’ਚ ਅਕਾਲੀ ਦਲ ਦੇ ਕੁਝ ਨੇਤਾਵਾਂ ਦੇ ਨਾਲ ਇਕ ਪ੍ਰੋਗਰਾਮ ’ਚ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਅਟਕਲਾਂ ਨੇ ਜ਼ੋਰ ਫੜਿਆ ਹੈ। ਕਵਿਤਾ ਖੰਨਾ ਭਾਜਪਾ ਵੱਲੋਂ ਟਿਕਟ ਨਾ ਮਿਲਣ ‘ਤੇ ਨਾਰਾਜ਼ ਦੱਸੀ ਜਾ ਰਹੀ ਹੈ ਅਤੇ ਚੋਣ ਮੈਦਾਨ ’ਚ ਉਤਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਇਸ ਸੀਟ ’ਤੇ ਇਕ ਮਜ਼ਬੂਤ ਚਿਹਰੇ ਦੀ ਲੋੜ ਹੈ। ਇਸ ਲਈ ਜੇ ਕਵਿਤਾ ਅਤੇ ਅਕਾਲੀ ਦਲ ’ਚ ਆਪਸੀ ਤਾਲਮੇਲ ਸਹੀ ਬੈਠਦਾ ਹੈ ਤਾਂ ਉਹ ਇਸ ਸੀਟ ਤੋਂ ਅਕਾਲੀ ਦਲ ਦੀ ਉਮੀਦਵਾਰ ਵੀ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਵਿਨੋਦ ਖੰਨਾ ਗੁਰਦਾਸਪੁਰ ਸੀਟ ਤੋਂ ਭਾਜਪਾ ਦੀ ਟਿਕਟ ’ਤੇ 4 ਵਾਰ ਸੰਸਦ ਮੈਂਬਰ ਚੁਣੇ ਗਏ ਹਨ। 1998, 1999 ਅਤੇ 2004 ਦੀਆਂ ਚੋਣਾਂ ’ਚ ਤਾਂ ਉਨ੍ਹਾਂ ਨੇ ਲਗਾਤਾਰ ਜਿੱਤ ਦੀ ਹੈਟ੍ਰਿਕ ਬਣਾਈ ਸੀ। ਉਨ੍ਹਾਂ ਦੇ ਸਾਹਮਣੇ ਤਿੰਨੋਂ ਵਾਰ ਕਾਂਗਰਸ ਨੇ ਸੁਖਬੰਸ ਕੌਰ ਭਿੰਡਰ ਨੂੰ ਹੀ ਮੈਦਾਨ ’ਚ ਉਤਾਰਿਆ ਸੀ ਅਤੇ ਉਹ ਤਿੰਨੋਂ ਵਾਰ ਵਿਨੋਦ ਖੰਨਾ ਤੋਂ ਹਾਰ ਗਈ ਸੀ। ਇਸ ਦੇ ਬਾਅਦ 2009 ’ਚ ਕਾਂਗਰਸ ਨੇ ਆਪਣਾ ਉਮੀਦਵਾਰ ਬਦਲ ਦਿੱਤਾ ਅਤੇ ਪੂਰੇ ਦੇਸ਼ ’ਚ ਕਾਂਗਰਸ ਦੀ ਲਹਿਰ ਵਿਚਾਲੇ ਪ੍ਰਤਾਪ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ। ਇਸ ਚੋਣ ’ਚ ਵਿਨੋਦ ਖੰਨਾ ਬਾਜਵਾ ਦੇ ਹੱਥੋਂ ਹਾਰ ਗਏ ਸਨ ਪਰ 2014 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਵਿਨੋਦ ਖੰਨਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾ ਕੇ ਆਪਣੀ ਪੁਰਾਨੀ ਹਾਰ ਦਾ ਬਦਲਾ ਲੈ ਲਿਆ ਸੀ। ਹਲਕੇ ’ਚ ਲਗਭਗ 25 ਸਾਲਾਂ ਤੋਂ ਵਿਨੋਦ ਖੰਨਾ ਦਾ ਪਰਿਵਾਰ ਸਰਗਰਮ ਰਿਹਾ। ਇਸੇ ਆਧਾਰ ’ਤੇ ਕਵਿਤਾ ਖੰਨਾ ਭਾਜਪਾ ਦੀ ਟਿਕਟ ’ਤੇ ਦਾਅਵਾ ਕਰ ਰਹੀ ਸੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਮਿਲਿਆ।