
ਮੀਂਹ ਨਾਲ ਨੁਕਸਾਨੇ ਕੇਦਾਰਨਾਥ ਦੇ ਪੈਦਲ ਰਸਤੇ ‘ਚ ਸ਼ਰਧਾਲੂਆਂ ਨੂੰ ਕੱਢਣ ਲਈ ਜਾਰੀ ਬਚਾਅ ਮੁਹਿੰਮ ‘ਚ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਚਿਨੂਕ ਅਤੇ ਐੱਮ.ਆਈ17 ਹੈਲੀਕਾਪਟਰ ਨੂੰ ਵੀ ਸ਼ਾਮਲ ਕੀਤਾ ਗਿਆ। ਅਧਿਕਾਰੀਆਂ ਨੇ ਇੱਥੇ ਦੱਸਿਆ ਕਿ ਸਵੇਰੇ ਐੱਮ.ਆਈ17 ਰਾਹੀਂ 10 ਸ਼ਰਧਾਲੂਆਂ ਨੂੰ ਗੌਚਰ ਹਵਾਈ ਪੱਟੀ ‘ਤੇ ਪਹੁੰਚਾਇਆ ਗਿਆ। ਬੁੱਧਵਾਰ ਰਾਤ ਬੱਦਲ ਫਟਣ ਕਾਰਨ ਲਿੰਚੋਲੀ, ਭੀਮਬਲੀ, ਘੋੜਾਪੜਾਵ ਅਤੇ ਰਾਮਬਾੜਾ ਸਮੇਤ ਕਈ ਥਾਵਾਂ ‘ਤੇ ਮਾਰਗ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਲਈ 2 ਹੈਲਪਲਾਈਨ ਨੰਬਰ- 7579257572 ਅਤੇ 01364-233387 ਅਤੇ ਇਕ ਐਮਰਜੈਂਸੀ ਨੰਬਰ 112 ਵੀ ਜਾਰੀ ਕੀਤਾ, ਜਿਸ ‘ਤੇ ਫ਼ੋਨ ਕਰ ਕੇ ਉਹ ਯਾਤਰਾ ਮਾਰਗ ‘ਤੇ ਫਸੇ ਆਪਣੇ ਪਰਿਵਾਰ ਵਾਲਿਆਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਮੰਦਾਕਿਨੀ ਨਦੀ ‘ਚ ਹੜ੍ਹ ਨਾਲ ਗੌਰੀਕੁੰਡ-ਕੇਦਾਰਨਾਥ ਪੈਦਲ ਮਾਰਗ ‘ਤੇ ਭੀਮਬਲੀ ‘ਚ 20-25 ਮੀਟਰ ਦਾ ਮਾਰਗ ਰੁੜ੍ਹ ਗਿਆ ਸੀ, ਜਿਸ ਨਾਲ ਉੱਥੇ ਸ਼ਰਧਾਲੂ ਫਸ ਗਏ।
ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਸਾਰੇ ਸ਼ਰਧਾਲੂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਫਸੇ ਹੋਏ ਲੋਕਾਂ ਤੱਕ ਖਾਣੇ ਦੇ 5 ਹਜ਼ਾਰ ਪੈਕੇਟ ਪਹੁੰਚਾਏ ਗਏ ਹਨ। ਇਸ ਵਿਚ ਕੇਦਾਰਨਾਥ ਪੈਦਲ ਰਸਤੇ ‘ਚ ਕਈ ਜਗ੍ਹਾ ਜ਼ਮੀਨ ਖਿਸਕਣ ਹੋਣ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਕੇਦਾਰਨਾਥ ਯਾਤਰਾ ਫਿਲਹਾਲ ਮੁਲਤਵੀ ਹੈ। ਇਸ ਸੰਬੰਧ ‘ਚ ਰੁਦਰਪ੍ਰਯਾਗ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀਰਵਾਰ ਨੂੰ ਯਾਤਰੀਆਂ ਨੂੰ ਇਕ ਐਡਵਾਇਜ਼ਰੀ ਜਾਰੀ ਕਰ ਕਿਹਾ ਗਿਆ ਸੀ ਕਿ ਕੇਦਾਰਨਾਥ ਦਰਸ਼ਨ ਲਈ ਰੁਦਰਪ੍ਰਯਾਗ ਤੱਕ ਪਹੁੰਚੇ ਤੀਰਥ ਯਾਤਰੀ ਫਿਲਹਾਲ ਜਿੱਥੇ ਹਨ, ਉੱਥੇ ਸੁਰੱਖਿਅਤ ਰੁਕੇ ਰਹਿਣ ਅਤੇ ਅਜੇ ਆਪਣੀ ਕੇਦਾਰਨਾਥ ਦਾਮ ਯਾਤਰਾ ਨੂੰ ਮੁਲਤਵੀ ਕਰ ਦੇਣ। ਐਡਵਾਇਜ਼ਰੀ ‘ਚ ਕਿਹਾ ਗਿਆ ਸੀ ਕਿ ਇਸ ਸਮੇਂ ਸੋਨਪ੍ਰਯਾਗ ਤੋਂ ਅੱਗੇ ਮੋਟਰਮਾਰਗ ਅਤੇ ਪੈਦਲ ਮਾਰਗ ਦੀ ਸਥਿਤੀ ਬਿਲਕੁੱਲ ਵੀ ਸਹੀ ਨਹੀਂ ਹੈ ਅਤੇ ਰਸਤੇ ਸਹੀ ਹੋਣ ਅਤੇ ਯਾਤਰਾ ਦੇ ਸਹੀ ਹੋਣ ਦੇ ਸੰਬੰਧ ‘ਚ ਸੂਚਨਾ ਬਾਅਦ ‘ਚ ਦਿੱਤੀ ਜਾਵੇਗੀ।