
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੁੱਤ ਸਿਰਸਾ ਜ਼ਿਲ੍ਹੇ ਦੇ ਡਬਵਾਲੀ ‘ਚ ਸਥਾਪਤ ਕੀਤਾ ਜਾਵੇਗਾ। ਜਨਨਾਇਕ ਜਨਤਾ ਪਾਰਟੀ (JJP) ਆਗੂ ਦਿਗਵਿਜੇ ਚੌਟਾਲਾ ਦੀ ਪਹਿਲ ‘ਤੇ ਸਿੱਧੂ ਦਾ ਇਹ ਬੁੱਤ ਅਗਲੇ ਦੋ ਮਹੀਨੇ ਵਿਚ ਤਿਆਰ ਕੀਤਾ ਜਾਵੇਗਾ ਅਤੇ ਡਬਵਾਲੀ ‘ਚ ਸਥਾਪਤ ਕੀਤਾ ਜਾਵੇਗਾ। ਚੌਟਾਲਾ ਨੇ ਇਸ ਸਿਲਸਿਲੇ ਵਿਚ ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਬੁੱਤ ਸਥਾਪਤ ਕਰਨ ਦੀ ਇਜਾਜ਼ਤ ਲਈ।
ਸਤੰਬਰ 2024 ਵਿਚ ਬੁੱਤ ਤਿਆਰ ਹੋ ਜਾਣ ‘ਤੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਇਸ ਦਾ ਉਦਘਾਟਨ ਕਰਨਗੇ। ਚੌਟਾਲਾ ਨੇ ਕਿਹਾ ਕਿ ਸਾਧਾਰਣ ਪਰਿਵਾਰ ਤੋਂ ਸਿੱਧੂ ਮੂਸੇਵਾਲਾ ਨੇ ਬੇਹੱਦ ਘੱਟ ਉਮਰ ਵਿਚ ਆਪਣੀ ਮਿਹਨਤ ਦੇ ਦਮ ‘ਤੇ ਪੂਰੇ ਦੇਸ਼ ਅਤੇ ਦੁਨੀਆ ਵਿਚ ਨਾਂ ਕਮਾਇਆ, ਜੋ ਸਾਰੇ ਨੌਜਵਾਨਾਂ ਲਈ ਇਕ ਮਿਸਾਲ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਮੂਸੇਵਾਲਾ ਦੇ ਗੀਤ ਸਦੀਆਂ ਤੱਕ ਸੁਣੇ ਜਾਣਗੇ, ਉੱਥੇ ਹੀ ਡਬਵਾਲੀ ਵਿਚ ਉਨ੍ਹਾਂ ਦਾ ਬੁੱਤ ਨੌਜਵਾਨਾਂ ਨੂੰ ਪ੍ਰੇਰਣਾ ਦੇਵੇਗਾ ਕਿ ਨੌਜਵਾਨ ਆਪਣੀ ਕਲਾ ਅਤੇ ਮਿਹਨਤ ਦੇ ਦਮ ‘ਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ।