
ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਦੇ ਦਾਖਾ ਅਤੇ ਆਤਮ ਨਗਰ ਵਿਧਾਨ ਸਭਾ ਹਲਕਿਆਂ ਵਿੱਚ ਵੱਡੇ ਪੱਧਰ ‘ਤੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ ਦੇ ਨਾਲ ਵੜਿੰਗ ਨੇ ਪੰਜਾਬ ਦੇ ਅਸਲ ਮੁੱਦਿਆਂ ‘ਤੇ ਚਾਨਣਾ ਪਾਇਆ ਅਤੇ ਭਾਜਪਾ ਅਤੇ ‘ਆਪ’ ਦੀ ਪ੍ਰਸ਼ਾਸਨਿਕ ਅਸਫਲਤਾਵਾਂ ਅਤੇ ਗੁੰਮਰਾਹਕੁੰਨ ਵਾਅਦਿਆਂ ਦੀ ਤਿੱਖੀ ਆਲੋਚਨਾ ਕੀਤੀ।
ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਪੰਜਾਬ ਦੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਕਾਂਗਰਸ ਪਾਰਟੀ ਦੇ ਸਮਰਪਣ ਵੱਲ ਇਸ਼ਾਰਾ ਕੀਤਾ, ਜੋ ਕਿ ਇਸ ਨੂੰ ਭਾਜਪਾ ਦੀ ਧਾਰਮਿਕ ਰਾਜਨੀਤੀ ਅਤੇ ‘ਆਪ’ ਦੇ ਖਾਲੀ ਵਾਅਦਿਆਂ ਤੋਂ ਵੱਖਰਾ ਹੈ। ਰਾਜਾ ਵੜਿੰਗ ਨੇ ਕਿਹਾ, “ਕਾਂਗਰਸ ਤੋਂ ਇਲਾਵਾ ਕੋਈ ਵੀ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਦੇ ਰਹੀ ਹੈ। ਭਾਜਪਾ ਧਾਰਮਿਕ ਰਾਜਨੀਤੀ ਵਿੱਚ ਲੱਗੀ ਹੋਈ ਹੈ, ਜਦੋਂਕਿ ‘ਆਪ’ ਆਪਣੇ ਗੁੰਮਰਾਹਕੁੰਨ ਦਾਅਵਿਆਂ ਨੂੰ ਅੱਗੇ ਵਧਾਉਣ ਵਿੱਚ ਲੱਗੀ ਹੋਈ ਹੈ। ਭਗਵੰਤ ਮਾਨ ਨੂੰ ਲੱਗਦਾ ਹੈ ਕਿ ਇੱਕ ਝੂਠ ਨੂੰ ਸੌ ਵਾਰੀ ਦੁਹਰਾਉਣ ਨਾਲ ਲੋਕ ਵਿਸ਼ਵਾਸ ਕਰਨਗੇ।”
ਇਸ ਦੌਰਾਨ ਉਨ੍ਹਾਂ ‘ਆਪ’ ਵੱਲੋਂ ਇਸ਼ਤਿਹਾਰਾਂ ’ਤੇ 900 ਕਰੋੜ ਰੁਪਏ ਦੇ ਵੱਡੇ ਖਰਚੇ ਦਾ ਜ਼ਿਕਰ ਕੀਤਾ ਅਤੇ ‘ਆਪ’ ਦੇ ਸ਼ਾਸਨ ਦੌਰਾਨ ਵਿੱਤੀ ਸਾਲ 2021-22 ਵਿੱਚ ਪੰਜਾਬ ਸਿਰ ਕਰਜ਼ਾ 2.82 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਸਾਲ 2023-24 ਵਿੱਚ 3.43 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਵਿਕਾਸ ਕਾਰਜਾਂ ਲਈ ਉਧਾਰ ਲਏ ਫੰਡਾਂ ਦੀ ਵਰਤੋਂ ਕਰਨ ਵਿੱਚ ਅਸਫਲ ਰਹਿਣ ਅਤੇ ਤਿੰਨ ਮਹੀਨਿਆਂ ਵਿੱਚ ਨਸ਼ਾਖੋਰੀ ਨੂੰ ਖਤਮ ਕਰਨ ਦੇ ਅਧੂਰੇ ਵਾਅਦੇ ਕਰਨ ਲਈ ‘ਆਪ’ ਦੀ ਆਲੋਚਨਾ ਕੀਤੀ।
ਵੜਿੰਗ ਨੇ ਕਿਹਾ, ‘ਆਪ’ ਦਾ ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦਾ ਵਾਅਦਾ ਪੂਰਾ ਨਹੀਂ ਹੋਇਆ ਹੈ। ਸਗੋਂ ਆਪ ਦੇ ਦਾਅਵਿਆਂ ਦੇ ਉਲਟ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਹੋਰ ਵੀ ਵਿਗੜ ਗਈ ਹੈ।”