
ਅੱਤਵਾਦੀ ਲਗਾਤਾਰ ਜੰਮੂ-ਕਸ਼ਮੀਰ ‘ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੰਮੂ ਡਿਵੀਜ਼ਨ ਦੇ ਡੋਡਾ ਜ਼ਿਲ੍ਹੇ ਦੇ ਦੇਸਾ ਜੰਗਲੀ ਖੇਤਰ ਵਿੱਚ ਸੋਮਵਾਰ ਨੂੰ ਅੱਤਵਾਦੀਆਂ ਨਾਲ ਮੁਕਾਬਲਾ ਹੋਇਆ। ਮੁਕਾਬਲੇ ਦੌਰਾਨ ਫੌਜ ਦੇ ਇਕ ਅਧਿਕਾਰੀ ਸਮੇਤ ਚਾਰ ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੰਜ ਬਹਾਦਰ ਜਵਾਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਘਟਨਾ ਵਾਲੀ ਥਾਂ ‘ਤੇ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਉਦੋਂ ਸ਼ੁਰੂ ਹੋਇਆ ਜਦੋਂ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ ਦੇ ਜਵਾਨਾਂ ਨੇ ਦੇਸਾ ਜੰਗਲੀ ਖੇਤਰ ਦੇ ਧਾਰੀ ਗੋਟੇ ਉਰਰਬਾਗੀ ਵਿੱਚ ਸ਼ਾਮ ਕਰੀਬ 7.45 ਵਜੇ ਇੱਕ ਸੰਯੁਕਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਫੌਜ ਦੀ ਵ੍ਹਾਈਟ ਨਾਈਟ ਕੋਰ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਲਿਖਿਆ, “ਖਾਸ ਖੁਫੀਆ ਜਾਣਕਾਰੀ ਦੇ ਅਧਾਰ ‘ਤੇ, ਡੋਡਾ ਦੇ ਉੱਤਰ ਵਿੱਚ ਆਮ ਖੇਤਰ ਵਿੱਚ ਫੌਜ ਅਤੇ ਪੁਲਿਸ ਦੁਆਰਾ ਇੱਕ ਸੰਯੁਕਤ ਆਪ੍ਰੇਸ਼ਨ ਚੱਲ ਰਿਹਾ ਸੀ।” ਰਾਤ ਕਰੀਬ 9 ਵਜੇ ਅੱਤਵਾਦੀਆਂ ਨਾਲ ਸੰਪਰਕ ਹੋਇਆ, ਜਿਸ ਤੋਂ ਬਾਅਦ ਭਾਰੀ ਗੋਲੀਬਾਰੀ ਹੋਈ। ਇਲਾਕੇ ਵਿਚ ਵਾਧੂ ਫ਼ੌਜ ਭੇਜੀ ਗਈ ਹੈ।