
ਦੇਸ਼ ਦੀ ਆਜ਼ਾਦੀ ਦੇ ਬਾਅਦ ਗੁਰਦਾਸਪੁਰ ਜ਼ਿਲ੍ਹੇ ਅੰਦਰ ਚੌਥੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਇਸ ਤਹਿਤ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦਾ ਲੋਕ ਸਭਾ ਮੈਂਬਰ ਚੁਣੇ ਜਾਣ ਦੇ ਬਾਅਦ ਸਤੰਬਰ ਜਾਂ ਅਕਤੂਬਰ ਮਹੀਨੇ ਜ਼ਿਮਨੀ ਚੋਣ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਜੇਕਰ ਇਸ ਤੋਂ ਪਹਿਲਾਂ ਆਜ਼ਾਦੀ ਦੇ ਬਾਅਦ ਹੁਣ ਤੱਕ ਦੇ ਚੋਣ ਇਤਿਹਾਸ ‘ਤੇ ਝਾਤ ਮਾਰੀ ਜਾਵੇ ਤਾਂ ਹੁਣ ਤੱਕ ਗੁਰਦਾਸਪੁਰ ਜ਼ਿਲ੍ਹੇ ਅੰਦਰ ਕਰੀਬ ਤਿੰਨ ਵਾਰ ਜ਼ਿਮਨੀ ਚੋਣਾਂ ਹੋ ਚੁੱਕੀਆਂ ਹਨ। ਜਿਸ ਤਹਿਤ ਦੋ ਚੋਣਾਂ ਲੋਕ ਸਭਾ ਮੈਂਬਰ ਨੂੰ ਚੁਣਨ ਲਈ ਹੋਈਆਂ ਸਨ ਜਦੋਂ ਕਿ ਇੱਕ ਚੋਣ ਵਿਧਾਇਕ ਚੁਣਨ ਲਈ ਹੋਈ ਸੀ। ਹੁਣ ਜਦੋਂ ਚੌਥੀ ਵਾਰ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਤਾਂ ਇਸ ਚੋਣ ਲਈ ਵੱਖ-ਵੱਖ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਵੱਲੋਂ ਹੁਣ ਤੋਂ ਹੀ ਅੰਦਰ ਖਾਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵੈਸੇ ਤਾਂ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਚਿਹਰੇ ਲਗਭਗ ਫਾਈਨਲ ਦਿਖਾਈ ਦੇ ਰਹੇ ਹਨ। ਪਰ ਇਸ ਦੇ ਬਾਵਜੂਦ ਇਨਾਂ ਚਿਹਰਿਆਂ ਦੇ ਬਾਵਜੂਦ ਕੁਝ ਹੋਰ ਆਗੂ ਵੀ ਆਪਣੀ ਕਿਸਮਤ ਅਜਮਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।ਡੇਰਾ ਬਾਬਾ ਨਾਨਕ ਹਲਕਾ ਸ਼ੁਰੂ ਤੋਂ ਬਹੁਤ ਅਹਿਮ ਰਿਹਾ ਹੈ ਜਿਥੇ ਹਮੇਸ਼ਾਂ ਦੋਵਾਂ ਧਿਰਾਂ ਦਰਮਿਆਨ ਫਸਵਾਂ ਮੁਕਾਬਲਾ ਹੁੰਦਾ ਰਿਹਾ ਹੈ। ਮੁੱਖ ਤੌਰ ‘ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਥੇ ਸੁੱਚਾ ਸਿੰਘ ਲੰਗਾਹ ਦਰਮਿਆਨ ਇਸ ਹਲਕੇ ਅੰਦਰ ਫਸਵੀਂ ਟੱਕਰ ਹੁੰਦੀ ਰਹੀ ਹੈ। ਪਰ 2022 ਦੀਆਂ ਚੋਣਾਂ ਦੌਰਾਨ ਰੰਧਾਵਾ ਦੀ ਟੱਕਰ ਰਵੀਕਰਨ ਸਿੰਘ ਕਾਹਲੋਂ ਨਾਲ ਸੀ। ਉਸ ਮੌਕੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਸਿੰਘ ਰੰਧਾਵਾ 52555 ਵੋਟਾਂ ਲੈਣ ਵਿੱਚ ਸਫਲ ਰਹੇ ਸਨ ਅਤੇ ਇਨਾਂ ਲੋਕ ਸਭਾ ਚੋਣਾਂ ਦੌਰਾਨ ਰੰਧਾਵਾ ਨੂੰ ਆਪਣੇ ਹਲਕੇ ਵਿੱਚੋਂ 48198 ਵੋਟਾਂ ਮਿਲੀਆਂ ਹਨ। ਇਸ ਹਲਕੇ ਅੰਦਰ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੀ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧਿਆ ਹੈ ਜਿਸ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਨੂੰ ਇਸ ਵਾਰ ਜਿਮਨੀ ਚੋਣ ਜਿੱਤਣ ਲਈ ਪੂਰੀ ਸੋਚ ਵਿਚਾਰ ਦੇ ਬਾਅਦ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨਾ ਪਵੇਗਾ। ਇਹ ਗੱਲ ਯਕੀਨੀ ਮੰਨੀ ਜਾ ਰਹੀ ਹੈ ਕਿ ਰੰਧਾਵਾ ਦੇ ਪਰਿਵਾਰਕ ਮੈਂਬਰ ਨੂੰ ਹੀ ਇਸ ਜਿਮਨੀ ਚੋਣ ਵਿਚ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਜਿਸ ਤਹਿਤ ਰੰਧਾਵਾ ਦੀ ਧਰਮਪਤਨੀ ਜਤਿੰਦਰ ਕੌਰ ਰੰਧਾਵਾ ਦਾ ਨਾਮ ਹੀ ਸਭ ਤੋਂ ਅੱਗੇ ਹੈ। ਰੰਧਾਵਾ ਦਾ ਸਪੁੱਤਰ ਉਦੇਵੀਰ ਸਿੰਘ ਦੀ ਉਮਰ ਅਜੇ 25 ਸਾਲ ਤੋਂ ਘੱਟ ਹੋਣ ਕਾਰਨ ਉਹ ਚੋਣ ਲੜਨ ਲਈ ਕਾਨੂੰਨੀ ਤੌਰ ‘ਤੇ ਯੋਗ ਨਹੀਂ ਹਨ। ਇਸ ਕਾਰਨ ਮੰਨਿਆ ਜਾ ਰਿਹਾ ਹੈ ਕਿ ਰੰਧਾਵਾ ਵੱਲੋਂ ਆਪਣੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਹੀ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ। ਬੀਬੀ ਰੰਧਾਵਾ ਪਹਿਲਾਂ ਹੀ ਹਲਕੇ ਅੰਦਰ ਸਰਗਰਮ ਹਨ ਅਤੇ ਇਹ ਮੰਨਿਆ ਜਾਂਦਾ ਹੈ ਕਿ ਉਨਾਂ ਦੇ ਸ਼ਾਂਤ ਸੁਭਾਅ ਨੂੰ ਹਲਕੇ ਦੇ ਲੋਕ ਪਸੰਦ ਕਰਦੇ ਹਨ।