
ਰਾਸ਼ਟਰੀ ਰਾਜਧਾਨੀ ‘ਚ ਵੀਰਵਾਰ ਦੇਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 1 ਦੀ ਛੱਤ ਦਾ ਕੁਝ ਹਿੱਸਾ ਡਿੱਗ ਗਿਆ। ਦੇਰ ਰਾਤ 3 ਵਜੇ ਮੀਂਹ ਪੈਣਾ ਸ਼ੁਰੂ ਹੋਇਆ। ਸਫਦਰਜੰਗ ਮੌਸਮ ਕੇਂਦਰ ਵਿੱਚ 153.7 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਲੋਕਾਂ ਨੇ ਭਾਰੀ ਮੀਂਹ ਕਾਰਨ ਪਾਣੀ ਵਿਚ ਡੁੱਬੀਆਂ ਸੜਕਾਂ ਅਤੇ ਟ੍ਰੈਫਿਕ ਜਾਮ ਵਿਚ ਫਸੇ ਵਾਹਨਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਟ੍ਰੈਫਿਕ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ ਕਿ, ‘ਵਾਈ-ਪੁਆਇੰਟ’ ਸਲੀਮਗੜ੍ਹ ਅਤੇ ਨਿਗਮਬੋਧ ਘਾਟ ਦੇ ਨੇੜੇ ਪਾਣੀ ਭਰਨ ਕਾਰਨ ਸ਼ਾਂਤੀਵਨ ਤੋਂ ISBT ਵੱਲ ਅਤੇ ISBT ਤੋਂ ਸ਼ਾਂਤੀਵਨ ਵੱਲ ਆਊਟਰ ਰਿੰਗ ਰੋਡ ‘ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਰਪਾ ਕਰਕੇ ਇਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਓ।” ਪਾਣੀ ਭਰਨ ਕਾਰਨ ਆਈ.ਟੀ.ਓ., ਵੀਰ ਬੰਦਾ ਬੈਰਾਗੀ ਮਾਰਗ ਅਤੇ ਧੌਲਾ ਕੂਆਂ ‘ਤੇ ਵੀ ਆਵਾਜਾਈ ਪ੍ਰਭਾਵਿਤ ਹੋਈ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਇੱਕ ਦਿਨ ਵਿੱਚ 124.5 ਤੋਂ 244.4 ਮਿਲੀਮੀਟਰ ਬਾਰਿਸ਼ ਨੂੰ ਬਹੁਤ ਭਾਰੀ ਬਾਰਿਸ਼ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਦੀ ਛੱਤ ਦਾ ਇੱਕ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ।