
ਰਾਜਸਥਾਨ ‘ਚ ਭਿਆਨਕ ਗਰਮੀ ਦਾ ਦੌਰ ਜਾਰੀ ਹੈ, ਜਿੱਥੇ ਐਤਵਾਰ ਨੂੰ ਲੂ ਅਤੇ ਬੁਖ਼ਾਰ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਦਰਮਿਆਨ ਮੈਡੀਕਲ ਵਿਭਾਗ ਨੇ ਭਿਆਨਕ ਗਰਮੀ ਦੇ ਪ੍ਰਬੰਧਨ ਲਈ ਮੈਡੀਕਲ ਸੰਸਥਾ ਵਾਰ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ। ਮੌਸਮ ਕੇਂਦਰ ਜੈਪੁਰ ਮੁਤਾਬਕ ਪਿਛਲੇ 24 ਘੰਟਿਆਂ ਵਿਚ ਜੋਧਪੁਰ, ਬੀਕਾਨੇਰ ਅਤੇ ਕੋਟਾ ਡਿਵੀਜ਼ਨ ‘ਚ ਕਈ ਥਾਂ ਹੀਟਵੇਵ ਅਤੇ ਤੇਜ਼ ਹੀਟਵੇਵ ਦਰਜ ਕੀਤੀ ਗਈ ਹੈ। ਇਸ ਦੌਰਾਨ ਫਲੌਦੀ ਵਿਚ ਵੱਧ ਤੋਂ ਵੱਧ ਤਾਪਮਾਨ 49.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 6.8 ਡਿਗਰੀ ਸੈਲਸੀਅਸ ਵੱਧ ਹੈ। ਸੂਬੇ ਵਿਚ ਪੈ ਰਹੀ ਗਰਮੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ ਰਾਤ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਕੋਟਾ ‘ਚ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 5.0 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਕੇਂਦਰ ਮੁਤਾਬਕ ਸੂਬੇ ‘ਚ ਭਿਆਨਕ ਗਰਮੀ ਦਾ ਦੌਰ ਅਜੇ ਜਾਰੀ ਰਹੇਗਾ। ਜਨ ਸਿਹਤ ਡਾਇਰੈਕਟਰ ਡਾ. ਰਵੀ ਪ੍ਰਕਾਸ਼ ਮਾਥੁਰ ਨੇ ਇਕ ਬਿਆਨ ਵਿਚ ਦੱਸਿਆ ਕਿ ਲੂ-ਬੁਖ਼ਾਰ ਦੇ ਚੱਲਦੇ ਐਤਵਾਰ ਨੂੰ ਅਜਮੇਰ ਦੇ ਸਰਾਨਾ ਪਿੰਡ ਵਾਸੀ 40 ਸਾਲਾ ਮੋਤੀ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਦਿਹਾੜੀ ਮਜ਼ਦੂਰ ਮੋਤੀ ਸਿੰਘ ਦੀ ਸ਼ਨੀਵਾਰ ਨੂੰ ਟਰੈਕਟਰ ਵਿਚ ਪੱਥਰ ਭਰਦੇ ਸਮੇਂ ਅਚਾਨਕ ਸਿਹਤ ਵਿਗੜ ਗਈ। ਉਸ ਨੂੰ ਪਹਿਲਾਂ ਸੀ. ਐੱਚ. ਸੀ. ਰੂਪਨਗੜ੍ਹ ਲਿਆਂਦਾ ਗਿਆ ਅਤੇ ਇੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਕਿਸ਼ਨਗੜ੍ਹ ਰੈਫਰ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਰਾਹ ਵਿਚ ਹੀ ਮੋਤੀ ਸਿੰਘ ਦੀ ਮੌਤ ਹੋ ਗਈ।