
ਫਗਵਾੜਾ ਵਿਖੇ ਪਿੰਡ ਡੁਮੇਲੀ ’ਚ ਕੁਝ ਲੋਕਾਂ ਵੱਲੋਂ ਪੰਜਾਬ ’ਚ ਟਰੈਕਟਰ ਦੌੜਾਂ ਨੂੰ ਪੁਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਐਲਾਨੇ ਜਾਣ ਦੇ ਬਾਵਜੂਦ ਗੈਰ-ਕਾਨੂੰਨੀ ਢੰਗ ਨਾਲ ਆਯੋਜਿਤ ਕੀਤੀਆਂ ਗਈਆਂ ਟਰੈਕਟਰ ਦੌੜਾਂ ਦੇ ਗੰਭੀਰ ਮਾਮਲੇ ’ਚ ਪੁਲਸ ਨੇ ਕਰੀਬ 11 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਐਤਵਾਰ ਫਗਵਾੜਾ ਪਹੁੰਚੇ ਡੀ. ਆਈ. ਜੀ. ਜਲੰਧਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਇਸ ਮਾਮਲੇ ਦਾ ਬੇਹੱਦ ਸਖ਼ਤ ਨੋਟਿਸ ਲੈਂਦਿਆਂ ਮਾਮਲੇ ’ਚ ਸਖ਼ਤ ਪੁਲਸ ਕਾਰਵਾਈ ਦਾ ਐਲਾਨ ਕੀਤਾ ਹੈ। ਡੀ. ਆਈ. ਜੀ. ਗਿੱਲ ਨੇ ਕਿਹਾ ਕਿ ਜੇਕਰ ਕਿਤੇ ਵੀ ਕਾਨੂੰਨ ਦੇ ਉਲਟ ਕੁਝ ਵਾਪਰਦਾ ਹੈ ਤਾਂ ਕਾਨੂੰਨ ਤਹਿਤ ਸਖ਼ਤ ਪੁਲਸ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਕਪੂਰਥਲਾ ਦੀ ਐੱਸ. ਐੱਸ. ਪੀ. ਵਤਸਲਾ ਗੁਪਤਾ ਨੇ ‘ਜਗ ਬਾਣੀ’ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦਾ ਬਤੌਰ ਐੱਸ. ਐੱਸ. ਪੀ. ਉਨ੍ਹਾਂ ਬੇਹੱਦ ਸਖ਼ਤ ਨੋਟਿਸ ਲਿਆ ਹੈ ਅਤੇ ਜ਼ਿਲਾ ਪੁਲਸ ਸਖਤ ਕਾਰਵਾਈ ਕਰਨ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਥਾਣਾ ਰਾਵਲਪਿੰਡੀ ਦੇ ਐੱਸ. ਐੱਚ. ਓ. ਲਾਭ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਥਾਣਾ ਰਾਵਲਪਿੰਡੀ ਵਿਖੇ ਸੁਖਵਿੰਦਰ ਸਿੰਘ, ਤੀਰਥ ਸਿੰਘ, ਦੀਪਾ, ਸਾਮਾ ਗੜੀਆ ਪੰਚ, ਤਨਵੀਰ ਸਿੰਘ, ਮੀਤਾ, ਬੂਟਾ, ਬਿੱਟਾ, ਰੂਪਾ, ਸੁਖਦੇਵ ਸਿੰਘ ਅਤੇ ਬਿਛੱਤਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਜਾਂਚ ਜਾਰੀ ਹੈ।