
ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਪਿਛਲੇ ਹਫ਼ਤੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਦੋ ਕੌਮੀ ਮਾਰਗਾਂ ਸਮੇਤ 140 ਤੋਂ ਵੱਧ ਸੜਕਾਂ ਬੰਦ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਸਥਾਨਕ ਮੌਸਮ ਵਿਭਾਗ ਨੇ ਐਤਵਾਰ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ‘ਚ ਭਾਰੀ ਮੀਂਹ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ ਅਤੇ ਵੀਰਵਾਰ ਤੱਕ ਸਿਰਮੌਰ ਜ਼ਿਲ੍ਹੇ ਦੇ ਕੁਝ ਹਿੱਸਿਆਂ ‘ਚ ਮਾਮੂਲੀ ਹੜ੍ਹਾਂ ਦੀ ਚਿਤਾਵਨੀ ਵੀ ਦਿੱਤੀ ਹੈ। ਮੰਗਲਵਾਰ ਸ਼ਾਮ ਤੋਂ ਰਾਜ ਦੇ ਕਈ ਹਿੱਸਿਆਂ ਵਿੱਚ ਰੁਕ-ਰੁਕ ਕੇ ਬਾਰਿਸ਼ ਜਾਰੀ ਹੈ ਅਤੇ ਧਰਮਸ਼ਾਲਾ ਵਿੱਚ 40.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਬਾਅਦ ਕਾਂਗੜਾ ਵਿੱਚ 35.9 ਮਿਲੀਮੀਟਰ, ਨਰਕੰਡਾ ਵਿੱਚ 23.5 ਮਿਲੀਮੀਟਰ, ਬ੍ਰਾਹਮਣੀ ਵਿੱਚ 19.2 ਮਿਲੀਮੀਟਰ, ਸੁਜਾਨਪੁਰ ਤੀਰਾ ਵਿੱਚ 16 ਮਿਲੀਮੀਟਰ, ਭਰੜੀ ਵਿੱਚ 15.2 ਮਿਲੀਮੀਟਰ, ਪਾਲਮਪੁਰ ਵਿੱਚ 14.4 ਮਿਲੀਮੀਟਰ ਅਤੇ ਰਾਮਪੁਰ ਵਿੱਚ 11.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਬੁੱਧਵਾਰ ਸਵੇਰੇ ਸ਼ਿਮਲਾ ਵਿੱਚ 73 ਸੜਕਾਂ, ਮੰਡੀ ਵਿੱਚ 22, ਕੁੱਲੂ ਵਿੱਚ 20, ਸਿਰਮੌਰ ਵਿੱਚ 14, ਕਾਂਗੜਾ ਵਿੱਚ ਪੰਜ, ਕਿਨੌਰ ਅਤੇ ਲਾਹੌਲ-ਸਪੀਤੀ ਵਿੱਚ ਤਿੰਨ-ਤਿੰਨ ਅਤੇ ਚੰਬਾ ਜ਼ਿਲ੍ਹੇ ਵਿੱਚ ਦੋ ਸੜਕਾਂ ਬੰਦ ਰਹੀਆਂ।