
ਲੋਕ ਸਭਾ ਚੋਣਾਂ 2024 ਦਾ ‘ਸ਼ੰਖਨਾਦ’ ਹੋ ਚੁੱਕਾ ਹੈ ਅਤੇ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਇਸ ਵਾਰ ਦੀਆਂ ਚੋਣਾਂ ਵਿਚ ਜਿੱਤ-ਹਾਰ ਕਿਸ ਦੀ ਹੁੰਦੀ ਹੈ, ਇਹ ਤਾਂ ਵੋਟਰਾਂ ਦੇ ਮੂਡ ‘ਤੇ ਹੈ। ਦੇਸ਼ ਵਿਚ ਔਰਤਾਂ ਦੀ ਲੋਕ ਸਭਾ ਚੋਣਾਂ ਵਿਚ ਹਿੱਸੇਦਾਰੀ ਲਗਾਤਾਰ ਵਧ ਰਹੀ ਹੈ ਅਤੇ ਜਲਦੀ ਹੀ ਇਹ ਮਰਦ ਵੋਟਰਾਂ ਦਾ ਅੰਕੜਾ ਪਾਰ ਸਕਦੀ ਹੈ। ਕਰੀਬ 50 ਕਰੋੜ ਪੁਰਸ਼ ਅਤੇ 47 ਕਰੋੜ ਤੋਂ ਵੱਧ ਔਰਤਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਔਰਤਾਂ ਦਾ ਵੋਟ ਫੀਸਦੀ 47.93 ਫੀਸਦੀ ਰਿਹਾ ਸੀ ਅਤੇ ਇਸ ਵਾਰ ਦੀਆਂ ਚੋਣਾਂ ਵਿਚ ਔਰਤਾਂ ਦੀ ਹਿੱਸੇਦਾਰੀ ਹੋਰ ਵਧਣ ਦੀ ਸੰਭਾਵਨਾ ਹੈ। ਇਹੀ ਕਾਰਨ ਹੈ ਕਿ ਭਾਜਪਾ ਔਰਤਾਂ ਨੂੰ ਕੇਂਦਰ ਵਿਚ ਰੱਖ ਕੇ ਚੋਣ ਪ੍ਰਚਾਰ ਵੀ ਕਰ ਰਹੀ ਹੈ। ਜੇ ਇਸ ਵਾਰ ਔਰਤਾਂ ਦਾ ਵੋਟ ਫੀਸਦੀ 50 ਫੀਸਦੀ ਤਕ ਪਹੁੰਚਦਾ ਹੈ ਤਾਂ ਇਸ ਨਾਲ ਭਾਜਪਾ ਖੁਦ ਨੂੰ ਵੱਡਾ ਫਾਇਦਾ ਹੋਣ ਦੀ ਉਮੀਦ ਕਰ ਸਕਦੀ ਹੈ।
1957 ’ਚ ਹੋਈਆਂ ਚੋਣਾਂ ਵਿਚ ਔਰਤਾਂ ਦਾ ਵੋਟ ਫੀਸਦੀ 38.3 ਫੀਸਦੀ ਰਿਹਾ ਸੀ, ਜੋ ਲਗਾਤਾਰ ਵਧ ਰਿਹਾ ਹੈ। ਸਿਰਫ 1991 ਤੇ 1992 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਵਿਚ ਇਕ ਫੀਸਦੀ ਦੀ ਕਮੀ ਆਈ ਸੀ। ਉਹ ਚੋਣਾਂ ਵੀ ਪੰਜਾਬ ਤੇ ਅਸਾਮ ਵਿਚ ਵੱਖ-ਵੱਖ ਸਮੇਂ ’ਤੇ ਹੋਈਆਂ ਸਨ। ਇਸ ਲਈ ਔਰਤਾਂ ਦਾ ਵੋਟ ਫੀਸਦੀ ਡਿੱਗਦਾ ਹੋਇਆ ਨਜ਼ਰ ਆਇਆ ਸੀ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 7 ਪੜਾਵਾਂ ਵਿਚ ਹੋਣਗੀਆਂ। ਵੋਟਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।