
ਜਲੰਧਰ ਵਿਚ 10 ਜੁਲਾਈ ਨੂੰ ਹੋਣ ਵਾਲੀ ਵੈਸਟ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਹਰ ਪਾਰਟੀ ਵੱਲੋਂ ਆਪਣੇ-ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਜਲੰਧਰ ਜ਼ਿਮਨੀ ਚੋਣ ਨੂੰ ਜਿੱਤਣਾ ਸੱਤਾਧਾਰੀ ਪਾਰਟੀ ‘ਆਪ’ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਮੋਹਿੰਦਰ ਭਗਤ ਦੇ ਹੱਕ ਵਿਚ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿਚ ਬੀਤੇ ਦਿਨਾਂ ਤੋਂ ਡੇਰੇ ਲਗਾਏ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੋਜ਼ਾਨਾ ਰੋਡ ਸ਼ੋਅ ਕਰਕੇ ਮੋਹਿੰਦਰ ਭਗਤ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਚੋਣ ਪ੍ਰਚਾਰ ਵਿਚ ਡਟੇ ਹੋਏ ਹਨ।
ਮੋਹਿੰਦਰ ਪਾਲ ਭਗਤ ਦਾ ਸਿਆਸੀ ਸਫ਼ਰ
ਮੋਹਿੰਦਰ ਪਾਲ ਭਗਤ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਸਿਆਸਤ ਦੇ ਨਾਲ ਜੁੜੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਭਾਜਪਾ ਪਾਰਟੀ ‘ਚ ਸਨ। ਮੋਹਿੰਦਰ ਭਗਤ ਭਾਜਪਾ ਦੇ ਸਾਬਕਾ ਮੰਤਰੀ ਚੁੰਨੀ ਲਾਲ ਭਗਤ ਦੇ ਪੁੱਤਰ ਹਨ। ਮੋਹਿੰਦਰ ਭਗਤ 1998 ਤੋਂ 2001 ਤੱਕ ਅਤੇ ਫਿਰ 2017 ਤੋਂ ਲੈ ਕੇ 2020 ਤੱਕ ਸੂਬੇ ਵਿਚ ਭਾਜਪਾ ਦੇ ਉੱਪ ਪ੍ਰਧਾਨ ਰਹੇ ਹਨ।