
ਜਲੰਧਰ ਦੇ ਤਿਲਕ ਨਗਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਡੇਢ ਵਜੇ ਦੇ ਕਰੀਬ ਖ਼ਾਲੀ ਪਲਾਟ ‘ਚ ਬਣੇ ਸਕਰੈਪ ਦੇ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਲਦਬਾਜ਼ੀ ਵਿੱਚ ਕਈ ਘਰਾਂ ਨੂੰ ਖ਼ਾਲੀ ਕਰਵਾਇਆ ਗਿਆ। ਇਸ ਦੇ ਨਾਲ ਹੀ ਨੇੜੇ ਸਥਿਤ ਇਕ ਕੈਟਰਿੰਗ ਮਾਲਕ ਦੇ ਘਰੋਂ 36 ਸਿਲੰਡਰ ਹਟਵਾਏ ਗਏ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਵਿਖਾਈ ਦੇ ਰਹੀਆਂ ਸਨ।
ਇਸ ਦੇ ਬਾਅਦ ਪੂਰਾ ਮੁਹੱਲਾ ਇਕੱਠਾ ਹੋ ਗਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਕਰੀਬ 3 ਵਜੇ ਤੱਕ ਫਾਇਰ ਬ੍ਰਿਗੇਡ ਦੀਆਂ 25 ਗੱਡੀਆਂ ਮੌਕੇ ‘ਤੇ ਪਹੁੰਚ ਚੁੱਕੀਆਂ ਸਨ ਪਰ ਅੱਗ ਲਗਾਤਾਰ ਵੱਧ ਰਹੀ ਸੀ। ਫਾਇਰ ਬ੍ਰਿਗੇਡ ਅਤੇ ਪੁਲਸ ਵੱਲੋਂ ਕਬਾੜ ਦੇ ਗੋਦਾਮ ਨੇੜਿਓਂ ਵੀ ਘਰਾਂ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ। ਅੱਗ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।