ਭਾਜਪਾ ਲਈ ਵੋਟ ਮੰਗਣ ਵਾਸਤੇ ਕਾਨਪੁਰ ਪਹੁੰਚੇ ਗ੍ਰੇਟ ਖਲੀ

ਇੰਟਰਨੈਸ਼ਨਲ ਰੈਸਲਰ ਦਿ ਗ੍ਰੇਟ ਖਲੀ ਦੇ ਨਾਂ ਨਾਲ ਮਸ਼ਹੂਰ ਦਲੀਪ ਸਿੰਘ ਰਾਣਾ ਉੱਤਰ ਪ੍ਰਦੇਸ਼ ਦੀ ਕਾਨਪੁਰ ਲੋਕ ਸਭਾ ਸੀਟ ’ਤੇ ਭਾਜਪਾ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆਏ। ਉਨ੍ਹਾਂ ਭਾਜਪਾ ਉਮੀਦਵਾਰ ਲਈ ਵੋਟਾਂ ਮੰਗੀਆਂ ਅਤੇ ਰੋਡ ਸ਼ੋਅ ਦੌਰਾਨ ਆਪਣੀ ਲੋਕਪ੍ਰਿਯਤਾ ਦਾ ਦਮ ਵਿਖਾਇਆ। ਦਿ ਗ੍ਰੇਟ ਖਲੀ ਦਲੀਪ ਸਿੰਘ ਰਾਣਾ ਨੇ ਸ਼ਹਿਰ ਵਿਚ ਰੋਡ ਸ਼ੋਅ ਕਰ ਕੇ ਭਾਜਪਾ ਦੇ ਉਮੀਦਵਾਰ ਰਮੇਸ਼ ਅਵਸਥੀ ਲਈ ਵੋਟਾਂ ਮੰਗੀਆਂ। ਇਸ ਦੌਰਾਨ ਉਨ੍ਹਾਂ ਨਾਲ ਸੈਲਫੀ ਲੈਣ ਲਈ ਨੌਜਵਾਨਾਂ ’ਚ ਹੋੜ ਲੱਗੀ ਰਹੀ। ਖਲੀ ਨੇ ਸ਼ਹਿਰ ਦੇ ਲੋਕਾਂ ਨੂੰ ਭਾਜਪਾ ਉਮੀਦਵਾਰ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਨਾਤਨ ਧਰਮ ਦੇ ਪੈਰੋਕਾਰ ਅਯੁੱਧਿਆ ਵਿਚ ਭਗਵਾਨ ਰਾਮਲੱਲਾ ਪ੍ਰਾਣ-ਪ੍ਰਤਿਸ਼ਠਾ ਸਮਾਗਮ ਦਾ ਸੱਦਾ ਠੁਕਰਾਉਣ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਾਉਣ ਦਾ ਕੰਮ ਕਰਨ। ਖਲੀ ਨੇ ਇਸ ਨੂੰ ਸਨਾਤਨ ਸੰਸਕ੍ਰਿਤੀ ਦਾ ਅਪਮਾਨ ਦੱਸਿਆ।

ਉਨ੍ਹਾਂ ਕਿਹਾ, ‘‘ਮੈਂ ਵਿਦੇਸ਼ਾਂ ਵਿਚ ਜਾ ਕੇ ਰੈਸਲਿੰਗ ’ਚ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਉਸੇ ਤਰ੍ਹਾਂ ਪੀ. ਐੱਮ. ਨਰਿੰਦਰ ਮੋਦੀ ਨੇ ਵੀ ਪੂਰੀ ਦੁਨੀਆ ਵਿਚ ਭਾਰਤ ਦਾ ਡੰਕਾ ਵਜਵਾਇਆ ਹੈ। ਮੈਂ ਵਿਦੇਸ਼ਾਂ ਵਿਚ ਜਿੱਥੇ ਵੀ ਗਿਆ, ਵੇਖਿਆ ਕਿ ਪੀ. ਐੱਮ. ਮੋਦੀ ਦੀ ਲੋਕਪ੍ਰਿਯਤਾ ਵਧੀ ਹੈ। ਅੱਜ ਤੋਂ 10 ਸਾਲ ਪਹਿਲਾਂ ਵਿਦੇਸ਼ਾਂ ਵਿਚ ਭਾਰਤ ਵਾਸੀਆਂ ਨੂੰ ਹੀਣ ਭਾਵਨਾ ਨਾਲ ਵੇਖਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਭਾਰਤ ਪ੍ਰਤੀ ਦੂਜੇ ਦੇਸ਼ਾਂ ਦਾ ਨਜ਼ਰੀਆ ਬਦਲਿਆ ਹੈ। ਹੁਣ ਖਿਡਾਰੀਆਂ ਅਤੇ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਬਹੁਤ ਸਨਮਾਨ ਮਿਲਦਾ ਹੈ।’’

Leave a Reply

Your email address will not be published. Required fields are marked *