ਕਾਂਗਰਸ ਛੱਡਣ ਦੀਆਂ ਚਰਚਾਵਾਂ ਵਿਚਾਲੇ ਦਿੱਲੀ ਪਹੁੰਚੇ ਨਵਜੋਤ ਸਿੱਧੂ, ਪ੍ਰਿਯੰਕਾ ਗਾਂਧੀ ਨਾਲ ਕੀਤੀ ਮੁਲਾਕਾਤ

ਕਾਂਗਰਸ ਛੱਡਣ ਦੀ ਚਰਚਾਵਾਂ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵੋਜਤ ਸਿੱਧੂ ਦਿੱਲੀ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਨੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਪ੍ਰਿਯੰਕਾ ਗਾਂਧੀ ਨਾਲ ਤਸਵੀਰ ਸਾਂਝੀ ਕਰਦਿਆਂ ਸਿੱਧੂ ਨੇ ਲਿਖਿਆ ਕਿ ਅੱਜ ਦਿੱਲੀ ਵਿਖੇ ਉਨ੍ਹਾਂ ਨਾਲ ਮੁਲਾਕਾਤ ਹੋਈ, ਜਿਸ ਵਿਚ ਸਕਾਰਾਤਮਕ ਵਿਚਾਰ ਵਿਟਾਂਦਾਰ ਹੋਇਆ ਹੈ। ਸਿੱਧੂ ਦੀ ਇਸ ਮਿਲਣੀ ਨੇ ਪੰਜਾਬ ਕਾਂਗਰਸ ਵਿਚ ਚਰਚਾ ਛੇੜ ਦਿੱਤੀ ਹੈ। ਸਿੱਧੂ ਦੀ ਇਸ ਮੁਲਾਕਾਤ ਨੇ ਵਿਰੋਧੀਆਂ ਦੀਆਂ ਉਨ੍ਹਾਂ ਅਟਕਲਾਂ ਨੂੰ ਵਿਰਾਮ ਲਗਾ ਦਿੱਤਾ ਹੈ, ਜਿਸ ਵਿਚ ਆਖਿਆ ਜਾ ਰਿਹਾ ਸੀ ਕਿ ਸਿੱਧੂ ਕਾਂਗਰਸ ਛੱਡ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ।

ਇਸ ਤੋਂ ਪਹਿਲਾਂ ਵੀ ਸਿੱਧੂ ਨੇ ਆਪਣੇ ਐਕਸ ਖਾਤੇ ’ਤੇ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਸੀ ਜਿਸ ਵਿਚ ਉਹ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਨਜ਼ਰ ਆ ਰਹੇ ਸਨ। ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਮੇਰੇ ਮਾਰਗ ਦਰਸ਼ਕ, ਦੋਸਤ ਤੇ ਰਾਹ ਦਸੇਰਾ। ਤੁਸੀਂ ਮੈਨੂੰ ਜੇਲ੍ਹ ਵਿਚ ਸੁੱਟ ਸਕਦੇ ਹੋ, ਮੈਨੂੰ ਡਰਾ-ਧਮਕਾ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲੌਕ ਕਰ ਸਕਦੇ ਹੋ ਪਰ ਪੰਜਾਬ ਅਤੇ ਮੇਰੇ ਲੀਡਰਾਂ ਲਈ ਮੇਰੀ ਵਚਨਬੱਧਤਾ ਨਾ ਤਾਂ ਇਕ ਇੰਚ ਵੀ ਪਿੱਛੇ ਹਟੀ ਹੈ ਅਤੇ ਨਾ ਹੀ ਹਟੇਗੀ। 

ਨਵਜੋਤ ਸਿੱਧੂ ਪਿਛਲੇ ਕੁੱਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਤੋਂ ਵੱਖ ਚੱਲ ਰਹੇ ਹਨ। ਉਹ ਨਾ ਤਾਂ ਕਾਂਗਰਸ ਦੀ ਕਿਸੇ ਮੀਟਿੰਗ ਵਿਚ ਸ਼ਾਮਲ ਹੋ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿੱਕਾਰਜੁਨ ਖੜਗੇ ਦੀ ਸਮਰਾਲਾ ਰੈਲੀ ਵਿਚ ਸ਼ਮੂਲੀਅਤ ਕੀਤੀ ਸੀ। ਹਾਲਾਂਕਿ ਉਹ ਕਾਂਗਰਸ ਦੇ ਵਰਕਰਾਂ ਨਾਲ ਮੀਟਿੰਗਾਂ ਜ਼ਰੂਰ ਕਰ ਰਹੇ ਹਨ ਪਰ ਉਹ ਪਾਰਟੀ ਦੀ ਕਿਸੇ ਵੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਰਹੇ ਹਨ। ਇਕ ਦਿਨ ਪਹਿਲਾਂ ਹੀ ਸਿੱਧੂ ਨੇ ਆਪਣੇ ਐਕਸ ਅਕਾਊਂਟ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਸੀ ਕਿ ਸਾਡੀਆਂ ਅਫਵਾਹਾਂ ਦਾ ਧੂੰਆਂ ਵੀ ਉਥੋਂ ਉੱਠਦਾ ਹੈ ਜਿੱਥੇ ਸਾਡੇ ਨਾਮ ਨਾਲ ਅੱਗ ਲੱਗਦੀ ਹੈ। ਹਾਲਾਂਕਿ ਇਹ ਇਸ਼ਾਰਾ ਉਨ੍ਹਾਂ ਦਾ ਕਿਸ ਵੱਲ ਸੀ, ਇਸ ’ਤੇ ਵੀ ਸਸਪੈਂਸ ਬਰਕਰਾਰ ਹੈ। 

Leave a Reply

Your email address will not be published. Required fields are marked *