
ਆਮ ਆਦਮੀ ਪਾਰਟੀ ਦੇ ਦਫ਼ਤਰ ‘ਚ ਜਸ਼ਨ ਦਾ ਮਾਹੌਲ ਹੈ। ਸੁਪਰੀਮ ਕੋਰਟ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੇ ਜਾਣ ਤੋਂ ਬਾਅਦ ਵਰਕਰਾਂ ਨੇ ਡਾਂਸ ਕੀਤਾ ਅਤੇ ਨਾਅਰੇ ਲਗਾਏ। ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ, ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸੁਆਗਤ, ਸਤਿਆਮੇਵ ਜਯਤੇ। ‘ਆਪ’ ਨੇਤਾ ਗੋਪਾਲ ਰਾਏ ਨੇ ਕਿਹਾ,”ਸੁਪਰੀਮ ਕੋਰਟ ਦਾ ਫ਼ੈਸਲਾ ਦੇਸ਼ ਨਾਲ ਪਿਆਰ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਹੈ। ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ।”ਉੱਥੇ ਹੀ ‘ਆਪ’ ਨੇਤਾ ਆਤਿਸ਼ੀ ਨੇ ਕਿਹਾ,”ਸੁਪਰੀਮ ਕੋਰਟ ਦਾ ਫ਼ੈਸਲਾ ਸੱਚ, ਲੋਕਤੰਤਰ ਦੀ ਜਿੱਤ, ਲੋਕ ਸਭਾ ਚੋਣਾਂ ਤੋਂ ਬਾਅਦ ਦੇਸ਼ ‘ਚ ਤਾਨਾਸ਼ਾਹੀ ਖ਼ਤਮ ਹੋ ਜਾਵੇਗੀ।” ਉੱਥੇ ਹੀ ‘ਆਪ’ ਨੇਤਾ ਸੌਰਭ ਭਾਰਦਵਾਜ ਨੇ ਕਿਹਾ,”ਸੁਪਰੀਮ ਕੋਰਟ ਦਾ ਆਦੇਸ਼ ਚਮਤਕਾਰ, ਕੇਜਰੀਵਾਲ ‘ਤੇ ਭਗਵਾਨ ਹਨੂੰਮਾਨ ਦਾ ਆਸ਼ੀਰਵਾਦ, ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲਣਾ ਦੇਸ਼ ‘ਚ ਵੱਡੀ ਤਬਦੀਲੀ ਦਾ ਸੰਕੇਤ।” ‘ਆਪ’ ਨੇਤਾ ਜੈਸਮੀਨ ਸ਼ਾਹ ਨੇ ਕਿਹਾ,”ਕੇਜਰੀਵਾਲ ਨੂੰ ਲੈ ਕੇ ਰਾਜਨੀਤਕ ਸਾਜਿਸ਼ ਰਚੀ ਗਈ। ਸੁਪਰੀਮ ਕੋਰਟ ਦਾ ਫ਼ੈਸਲਾ ਇਤਿਹਾਸਕ ਹੈ। ਲੋਕ ਸਭਾਚੋਣਾਂ ਅਸਲ ‘ਚ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ।” ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੌਜੂਦਾ ਲੋਕ ਸਭਾ ਚੋਣਾਂ ‘ਚ ਪ੍ਰਚਾਰ ਲਈ ਇਕ ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ।