
ਲੋਕਸਭਾ ਚੋਣਾਂ 2024 ਦੌਰਾਨ ਨੇਤਾਵਾਂ ਦੇ ਮੂੰਹ ਤੋਂ ਭਾਵੇਂ ਹੀ ਮਹਿੰਗਾਈ ਦਾ ਜ਼ਿਆਦਾ ਸ਼ੋਰ ਨਹੀਂ ਸੁਣਾਈ ਦੇ ਰਿਹਾ ਹੋਵੇ ਪਰ ਜਨਤਾ ਇਸ ਤੋਂ ਪ੍ਰੇਸ਼ਾਨ ਹੈ। ਇਕ ਸਰਵੇ ਮੁਤਾਬਕ ਕਰੀਬ 23 ਫੀਸਦੀ ਲੋਕ ਇਸ ਨੂੰ ਵੱਡਾ ਚੋਣ ਮੁੱਦਾ ਮੰਨਦੇ ਵੀ ਹਨ। ਇਸੇ ਦੌਰਾਨ ਇਕ ਅੰਗਰੇਜ਼ੀ ਅਖਬਾਰ ਨੇ ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਇਕ ਸਿੱਟਾ ਕੱਢਿਆ ਹੈ। ਇਸ ਨਾਲ ਵੀ ਇਹ ਗੱਲ ਸਾਬਿਤ ਹੁੰਦੀ ਹੈ। ਅੰਕੜਿਆਂ ਦਾ ਵਿਸ਼ਲੇਸ਼ਣ ਕਰ ਕੇ ਸਿੱਟਾ ਕੱਢਿਆ ਗਿਆ ਹੈ ਕਿ 5 ਸਾਲਾਂ ’ਚ ਜਿਥੇ ਘਰ ’ਚ ਬਣੇ ਸ਼ਾਕਾਹਾਰੀ ਖਾਣੇ ਦੀ ਥਾਲੀ ਦੀ ਔਸਤ ਕੀਮਤ 71 ਫੀਸਦੀ ਤੱਕ ਵਧ ਗਈ ਹੈ, ਉਥੇ ਇਸ ਦੌਰਾਨ ਨਿਯਮਿਤ ਨੌਕਰੀ ਕਰਨ ਵਾਲੇ ਲੋਕਾਂ ਦੀ ਮਹੀਨਾਵਾਰ ਆਮਦਨ ਸਿਰਫ 37 ਫੀਸਦੀ ਵਧੀ ਹੈ। ਹਾਲਾਂਕਿ, ਅਸਥਾਈ ਕੰਮ ਕਰਨ ਵਾਲਿਆਂ (ਕੈਜ਼ੂਅਲ ਮਜ਼ਦੂਰਾਂ) ਦੀ ਕਮਾਈ ਇਸ ਦੌਰਾਨ 67 ਫੀਸਦੀ ਵਧੀ ਹੈ ਪਰ, ਇਕ ਸੱਚ ਇਹ ਵੀ ਹੈ ਕਿ ਇਨ੍ਹਾਂ ਮਜ਼ਦੂਰਾਂ ਦੀ ਕਮਾਈ ਦਾ ਵੱਡਾ ਹਿੱਸਾ ਖਾਣ ’ਤੇ ਹੀ ਖਰਚ ਹੁੰਦਾ ਹੈ। ਮਹਾਰਾਸ਼ਟਰ ’ਚ 2 ਵਾਰ ਦਾ ਭੋਜਨ (ਸ਼ਾਕਾਹਾਰੀ) ਬਣਾਉਣ ਲਈ ਜ਼ਰੂਰੀ ਸਮੱਗਰੀ ਦੀ ਔਸਤ ਲਾਗਤ ਇਸ ਸਾਲ 79.2 ਰੁਪਏ, ਪਿਛਲੇ ਸਾਲ 64.2 ਰੁਪਏ ਅਤੇ 2019 ’ਚ 46.2 ਰੁਪਏ ਮਿਣੀ ਗਈ। ਇਸ ਤਰ੍ਹਾਂ ਮਹਾਰਾਸ਼ਟਰ ਦੇ ਇਕ ਘਰ ’ਚ ਹਰ ਦਿਨ 2 ਸ਼ਾਕਾਹਾਰੀ ਥਾਲੀਆਂ ਬਣਾਉਣ ਦੀ ਮਹੀਨਾਵਾਰ ਲਾਗਤ 2019 ’ਚ 1,386 ਰੁਪਏ ਤੋਂ ਵਧ ਕੇ 2024 ’ਚ 2,377 ਰੁਪਏ ਹੋ ਗਈ।