
18ਵੀਂ ਲੋਕ ਸਭਾ ਦੇ ਪਹਿਲੇ ਸੰਸਦ ਸੈਸ਼ਨ ਦਾ ਅੱਜ 7ਵਾਂ ਦਿਨ ਹੈ। ਸੰਸਦ ਸੈਸ਼ਨ ਦੇ 7ਵੇਂ ਦਿਨ ਲੋਕ ਸਭਾ ਅਤੇ ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਪ੍ਰਸਤਾਵ ‘ਤੇ ਚਰਚਾ ਹੋਵੇਗੀ। ਲੋਕ ਸਭਾ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਬੋਲਦਿਆਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਨਤੀਜਾ ਵਿਰੋਧੀ ਧਿਰ ‘ਇੰਡੀਆ’ ਗਠਜੋੜ ਲਈ ਜ਼ਿੰਮੇਵਾਰੀ ਦਾ ਸੰਦੇਸ਼ ਦਿੰਦਾ ਹੈ ਅਤੇ ਇਹ ਨਤੀਜਾ ਫਿਰਕੂ ਰਾਜਨੀਤੀ ਨੂੰ ਖਤਮ ਕਰਕੇ ਭਾਈਚਾਰਕ ਰਾਜਨੀਤੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਨੇ ਤੋੜਨ ਵਾਲੀ ਰਾਜਨੀਤੀ ਨੂੰ ਤੋੜ ਦਿੱਤਾ ਅਤੇ ਜੋੜਨ ਵਾਲੀ ਰਾਜਨੀਤੀ ਦੀ ਜਿੱਤ ਹੋਈ ਹੈ। ਹੁਣ ਮਨਮਰਜ਼ੀ ਨਹੀਂ, ਜਨਮਰਜ਼ੀ ਚਲੇਗੀ। ਇਸ ਚੋਣਾਂ ਦਾ ਇਹ ਪੈਗਾਮ ਹੈ।
ਅਖਿਲੇਸ਼ ਨੇ ਲੋਕ ਸਭਾ ਵਿਚ ਸ਼ਾਇਰਾਨਾ ਹਮਲਾ ਕਰਦਿਆਂ ਕਿਹਾ ਕਿ ਹਜ਼ੂਰ-ਏ-ਆਲਾ ਆਜ ਤੱਕ ਖ਼ਾਮੋਸ਼ ਬੈਠੇ ਹੈ ਇਸੇ ਗਮ ਮੇਂ, ਮਹਿਫਲ ਲੁੱਟ ਲੇ ਗਯਾ ਕੋਈ ਜਬ ਕੀ ਸਜਾਈ ਹਮ ਨੇ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਲਾਗੂ ਹੋਇਆ। ਅਸੀਂ ਵੇਖਿਆ ਕਿ ਚੋਣ ਕਮਿਸ਼ਨ ਕੁਝ ਲੋਕਾਂ ‘ਤੇ ਮਿਹਰਬਾਨ ਰਿਹਾ। ਉਹ ਸੰਸਥਾ ਨਿਰਪੱਖ ਹੋਵੇਗੀ ਤਾਂ ਭਾਰਤ ਦਾ ਲੋਕਤੰਤਰ ਮਜ਼ਬੂਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ EVM ‘ਤੇ ਮੈਨੂੰ ਅੱਜ ਵੀ ਭਰੋਸਾ ਨਹੀਂ ਹੈ। 80 ਦੀਆਂ 80 ਸੀਟਾਂ ਜਿੱਤ ਜਾਵਾਂ ਤਾਂ ਵੀ ਨਹੀਂ ਹੋਵੇਗਾ। ਅਸੀਂ ਚੋਣਾਂ ਵਿਚ ਵੀ ਕਿਹਾ ਸੀ ਕਿ EVM ਤੋਂ ਜਿੱਤ ਕੇ EVM ਹਟਾਵਾਂਗੇ।
ਅਖਿਲੇਸ਼ ਨੇ ਗੰਨਾ ਕਿਸਾਨਾਂ ਦੇ ਭੁਗਤਾਨ ਤੋਂ ਲੈ ਕੇ ਪੇਪਰ ਲੀਕ ਤੱਕ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਪਿਛਲੇ ਸੱਤ ਸਾਲਾਂ ਵਿਚ ਪ੍ਰੀਖਿਆ ਮਾਫੀਆ ਦਾ ਜਨਮ ਹੋਇਆ ਅਤੇ ਹਰ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਇਆ ਹੈ। ਅਸੀਂ ਅਗਨੀਵੀਰ ਯੋਜਨਾ ਨੂੰ ਸਵੀਕਾਰ ਨਹੀਂ ਕਰਦੇ, ਜਦੋਂ ਕਦੇ ਇੰਡੀਆ ਗਠਜੋੜ ਸੱਤਾ ਵਿਚ ਆਵੇਗਾ ਤਾਂ ਅਸੀਂ ਇਸ ਯੋਜਨਾ ਨੂੰ ਖਤਮ ਕਰ ਦੇਵਾਂਗੇ। ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਇਸ ਸਰਕਾਰ ਨੇ ਰਾਖਵੇਂਕਰਨ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਕਿਹਾ ਸਰਕਾਰ ਕਹਿੰਦੀ ਹੈ ਕਿ ਦੇਸ਼ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਹੈ ਪਰ ਇਹ ਕਿਉਂ ਲੁਕਾਉਂਦੀ ਹੈ ਕਿ ਜੇਕਰ ਅਸੀਂ 5ਵੇਂ ਨੰਬਰ ‘ਤੇ ਹਾਂ ਤਾਂ ਸਾਡੇ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਕਿਸ ਮੁਕਾਮ ‘ਤੇ ਪਹੁੰਚ ਗਈ ਹੈ? ਜਵਾਬ ਹੈ ਜੇਕਰ ਸੂਬੇ ਦੀ ਆਰਥਿਕਤਾ ਨੂੰ ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨਾ ਹੈ ਤਾਂ 35 ਫੀਸਦੀ ਵਿਕਾਸ ਦਰ ਦੀ ਲੋੜ ਹੈ, ਜੋ ਸੰਭਵ ਨਹੀਂ ਜਾਪਦਾ।