35 ਸਾਲ ਪਹਿਲਾਂ ਕਾਂਗਰਸ ਨੇ ਗੁਜਰਾਤ ਨੂੰ ਦਿੱਤਾ ਸੀ ਮੁਸਲਿਮ ਸੰਸਦ ਮੈਂਬਰ, ਭਾਜਪਾ ਨੇ ਕਦੇ ਨਹੀਂ ਦਿੱਤੀ ਟਿਕਟ

ਗੁਜਰਾਤ ਤੋਂ ਬੀਤੇ 35 ਸਾਲਾਂ ਤੋਂ ਕੋਈ ਵੀ ਮੁਸਲਿਮ ਸੰਸਦ ਮੈਂਬਰ ਲੋਕ ਸਭਾ ’ਚ ਨਹੀਂ ਪਹੁੰਚਿਆ ਹੈ। ਕਰੀਬ 35 ਸਾਲ ਪਹਿਲਾਂ ਕਾਂਗਰਸ ਦੇ ਅਹਿਮਦ ਪਟੇਲ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹਮਦਰਦੀ ਦੀ ਲਹਿਰ ’ਚ 1984 ’ਚ ਇੱਥੋਂ ਜਿੱਤੇ ਸਨ। ਹਾਲਾਂਕਿ 1989 ਦੀਆਂ ਚੋਣਾਂ ’ਚ ਉਹ ਭਰੂਚ ਸੀਟ ਭਾਜਪਾ ਦੇ ਚੰਦੂ ਦੇਸ਼ਮੁਖ ਹੱਥੋਂ ਹਾਰ ਗਏ ਸਨ। ਉਸ ਤੋਂ ਬਾਅਦ ਅੱਜ ਤੱਕ ਕਈ ਲੋਕ ਸਭਾ ਚੋਣਾਂ ਹੋ ਚੁੱਕੀਆਂ ਹਨ ਪਰ ਗੁਜਰਾਤ ਤੋਂ ਇਕ ਵੀ ਮੁਸਲਿਮ ਉਮੀਦਵਾਰ ਚੁਣ ਕੇ ਲੋਕ ਸਭਾ ਨਹੀਂ ਪਹੁੰਚਿਆ। 2014 ਦੀਆਂ ਚੋਣਾਂ ਤੱਕ ਦਾ ਇਤਿਹਾਸ ਦੇਖੀਏ ਤਾਂ ਰਾਸ਼ਟਰੀ ਪਾਰਟੀਆਂ ’ਚ ਕਾਂਗਰਸ ਨੇ ਸਿਰਫ 15 ਮੁਸਲਿਮ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ ਸੀ ਪਰ ਭਾਜਪਾ ਨੇ ਤਾਂ ਇਕ ਵੀ ਮੁਸਲਿਮ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ।
ਸੂਬੇ ਦੀ ਕੁੱਲ ਆਬਾਦੀ ਦਾ 9.5 ਫੀਸਦੀ ਮੁਸਲਮਾਨ ਹਨ। ਸਾਲ 1962 ’ਚ ਹੋਈਆਂ ਪਹਿਲੀਆਂ ਲੋਕ ਸਭਾ ਚੋਣਾਂ ’ਚ ਗੁਜਰਾਤ ਦੇ ਬਨਾਸਕਾਂਠਾ ਤੋਂ ਜ਼ੋਹਰਾ ਚਾਵੜਾ ਚੁਣੀ ਗਈ। ਉਸ ਤੋਂ ਬਾਅਦ 1977 ਦੀਆਂ ਚੋਣਾਂ ’ਚ ਦੋ ਮੁਸਲਿਮ ਉਮੀਦਵਾਰ ਅਹਿਮਦ ਪਟੇਲ (ਭਰੂਚ) ਅਤੇ ਅਹਿਸਾਨ ਜਾਫਰੀ (ਅਹਿਮਦਾਬਾਦ) ਲੋਕ ਸਭਾ ’ਚ ਪਹੁੰਚੇ। 1977 ਦੀਆਂ ਚੋਣਾਂ ’ਚ ਪਹਿਲੀ ਅਤੇ ਆਖਰੀ ਵਾਰ ਸਭ ਤੋਂ ਵੱਧ 2 ਮੁਸਲਿਮ ਸੰਸਦ ਮੈਂਬਰ ਲੋਕ ਸਭਾ ’ਚ ਪੁੱਜੇ ਸਨ।

ਇਸ ਵਾਰ ਵੀ ਕਾਂਗਰਸ ਨੇ ਸਿਰਫ਼ ਇਕ ਮੁਸਲਿਮ ਉਮੀਦਵਾਰ ਨੂੰ ਭਰੂਚ ਤੋਂ ਟਿਕਟ ਦਿੱਤੀ ਹੈ। ਭਰੂਚ ਸੀਟ ’ਤੇ ਮੁਸਲਿਮ ਆਬਾਦੀ ਸਭ ਤੋਂ ਵੱਧ ਹੈ। ਇੱਥੇ 15.64 ਲੱਖ ਵੋਟਰਾਂ ’ਚੋਂ 22 ਫੀਸਦੀ ਮੁਸਲਿਮ ਵੋਟਰ ਹਨ। ਆਦਿਵਾਸੀ ਵੋਟਰਾਂ ਦੀ ਗਿਣਤੀ 31 ਫੀਸਦੀ ਹੈ। ਅਹਿਮਦਾਬਾਦ (ਪੱਛਮ) ’ਚ 25 ਫੀਸਦੀ ਮੁਸਲਮਾਨ ਵੋਟਰ ਹਨ। ਗਾਂਧੀਨਗਰ ’ਚ ਸਥਿਤ ਜੁਹਾਪੁਰਾ ਇਲਾਕਾ ਸਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਇਲਾਕਾ ਹੈ, ਜਿੱਥੇ ਮੁਸਲਿਮ ਆਬਾਦੀ 4 ਲੱਖ ਤੋਂ ਵੀ ਵੱਧ ਹੈ। ਇਸ ਵਾਰ ਗਾਂਧੀਨਗਰ ਤੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਚੋਣ ਮੈਦਾਨ ਵਿਚ ਹਨ।

Leave a Reply

Your email address will not be published. Required fields are marked *